ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ

Sunday, Aug 18, 2024 - 03:11 PM (IST)

ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ

ਜਲੰਧਰ - ਆਪਣੇ ਸਰੀਰ ਦੀ ਰੱਖਿਆ ਕਰਨਾ ਪਹਿਲਾ ਅਤੇ ਜ਼ਰੂਰੀ ਕੰਮ ਹੈ। ਇਸ ਨਾਲ ਸਰੀਰ ਨਿਰੋਗ ਅਤੇ ਬਲਵਾਨ ਰਹੇਗਾ, ਜਿਸ ਸਦਕਾ ਤੁਸੀ ਹੋਰ ਕੰਮ ਪੂਰੇ ਕਰ ਸਕੋਗੇ। ਫਿੱਟ ਰਹਿਣ ਲਈ ਲੋਕ ਸਵੇਰ ਦੀ ਸੈਰ ਕਰਦੇ ਹਨ। ਇਹ ਤੰਦਰੁਸਤ ਰਹਿਣ ਦਾ ਸਭ ਤੋਂ ਸੌਖਾ, ਨਿਰਾਪਦ ਅਤੇ ਅਚੁਕ ਸਾਧਨ ਹੈ। ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਲਈ ਸਵੇਰ ਦੀ ਸੈਰ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ। ਪਰ ਜੇ ਇਸ ਦੌਰਾਨ ਕੁਝ ਵਾਧੂ ਐਕਟੀਵਿਟਿਜ਼ ਵੀ ਕਰ ਲਈਆਂ ਜਾਣ ਤਾਂ ਸਿਹਤ ਨੂੰ ਦੁਗਣਾ ਫਾਇਦਾ ਹੋ ਸਕਦਾ ਹੈ। ਇਨ੍ਹਾਂ ਐਕਟੀਵਿਟਿਜ਼ ਦਾ ਸਰੀਰ 'ਤੇ ਸਕਾਰਾਤਮਕ ਅਸਰ ਪੈਂਦਾ ਹੈ, ਜਿਸ ਨਾਲ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਅਸਲ ਵਿਚ ਸਵੇਰ ਦੀ ਸੈਰ ਇਕ ਸੰਪੂਰਨ ਕਸਰਤ ਹੀ ਹੈ। ਅਜਿਹੀ ਕਸਰਤ, ਜਿਸ ਦਾ ਕੋਈ ਨੁਕਸਾਨ ਨਹੀਂ। ਇਹ ਉਦਾਸੀ ਅਤੇ ਤਣਾਅ ਨੂੰ ਖ਼ਤਮ ਕਰ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਵੇਰ ਦੀ ਸੈਰ ਦੌਰਾਨ ਕਿਹੜੇ ਕੰਮ ਕਰਨ ਨਾਲ ਦੁਗਣੇ ਫਾਇਦੇ ਹੋਣਗੇ।

1. ਗਠੀਏ ਦੇ ਰੋਗੀਆਂ ਲਈ ਫਾਇਦੇਮੰਦ
ਸਵੇਰ ਦੀ ਸੈਰ ਨਾਲ ਗਠੀਏ ਦੇ ਰੋਗੀ ਨੂੰ ਬਹੁਤ ਫਾਇਦਾ ਹੁੰਦਾ ਹੈ। ਇਕ ਲਾਭ ਇਹ ਵੀ ਹੈ ਕਿ ਇਸ ਨਾਲ ਉਮਰ ਵਧਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। 

2. ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ
ਡਾਕਟਰਾਂ ਦਾ ਮੰਨਣਾ ਹੈ ਕਿ ਜੇ ਸਵੇਰੇ ਅਤੇ ਸ਼ਾਮ ਨੂੰ ਅੱਧਾ-ਅੱਧਾ ਘੰਟਾ ਟਹਿਲ ਲਓ ਤਾਂ ਬਹੁਤ ਸਾਰੀਆਂ ਗੰਭੀਰ ਬੀਮਾਰੀਆਂ ਦਾ ਖਤਰਾ 30 ਤੋਂ 40 ਫੀਸਦੀ ਘੱਟ ਹੋ ਜਾਂਦਾ ਹੈ। ਇਸ ਦੇ ਨਾਲ-ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਕਾਫ਼ੀ ਹੱਦ ਤੱਕ ਘਟ ਜਾਂਦਾ ਹੈ।

3. ਸਟਰੇਚਿੰਗ ਕਰੋ
ਰੋਜ਼ ਸਵੇਰ ਦੀ ਸੈਰ ਕਰਦੇ ਸਮੇਂ ਪੰਜ ਤੋਂ ਦੱਸ ਮਿੰਟ ਪੂਰੇ ਸਰੀਰ ਨੂੰ ਸਟਰੇਚਿੰਗ ਜ਼ਰੂਰ ਕਰੋ। ਇਸ ਨਾਲ ਸਰੀਰ ਦੀ ਖੂਨ ਗਤੀ ਸੁਧਰੇਗੀ, ਜਿਸ ਨਾਲ ਤਣਾਅ ਦੂਰ ਹੋਵੇਗਾ। ਇਸ ਦੇ ਇਲਾਵਾ ਸਟੈਮਿਨਾ ਵੱਧੇਗਾ ਅਤੇ ਦਿਮਾਗ ਨੂੰ ਐਕਟਿਵ ਰੱਖਣ 'ਚ ਮਦਦ ਮਿਲੇਗੀ।

4. ਸਾਹ ਵਾਲੀ ਕਸਰਤ
ਸਵੇਰ ਦੀ ਸੈਰ ਸਮੇਂ ਹੌਲੀ-ਹੌਲੀ ਡੂੰਘੇ ਸਾਹ ਅੰਦਰ ਲਓ ਅਤੇ ਫਿਰ ਉਨ੍ਹਾਂ ਨੂੰ ਬਾਹਰ ਛੱਡੋ। ਇਸ ਤਰ੍ਹਾਂ ਪੰਜ ਮਿੰਟ ਤੱਕ ਕਰੋ। ਇਸ ਨਾਲ ਸਰੀਰ 'ਚ ਆਕਸੀਜਨ ਦਾ ਪੱਧਰ ਸੰਤੁਲਿਤ ਹੋਵੇਗਾ। ਨਾਲ ਹੀ ਫੇਫੜਿਆਂ ਦੀ ਕਸਰਤ ਹੋਵੇਗੀ।

5. ਯੋਗਾ
ਰੋਜ਼ ਸਵੇਰ ਦੀ ਸੈਰ ਸਮੇਂ ਪੰਜ ਤੋਂ ਅੱਠ ਮਿੰਟ ਯੋਗਾ ਕਰੋ। ਰੋਜ਼ ਯੋਗਾ ਕਰਨ ਨਾਲ ਥਕਾਵਟ ਅਤੇ ਤਣਾਅ ਦੀ ਸਮੱਸਿਆ ਦੂਰ ਹੋਵੇਗੀ। ਇਸ ਦੇ ਨਾਲ ਹੀ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ।

6. ਸੂਰਜ ਨਮਸਕਾਰ
ਰੋਜ਼ ਸਵੇਰ ਦੀ ਸੈਰ ਨਾਲ ਪੰਜ ਤੋਂ ਦੱਸ ਮਿੰਟ ਸੂਰਜ ਨਮਸਕਾਰ ਵੀ ਕਰੋ। ਇਸ ਨਾਲ ਡਾਇਜੇਸ਼ਨ ਸੁਧਰੇਗਾ, ਪੇਟ ਦੀ ਚਰਬੀ ਘਟੇਗੀ। ਸਰੀਰ ਡਿਟਾਕਸ ਹੋਵੇਗਾ ਅਤੇ ਨਾਲ ਹੀ ਤੁਹਾਡੇ ਚਿਹਰੇ ਦੀ ਚਮਕ ਵੀ ਵਧੇਗੀ।

7. ਹੱਡੀਆਂ ਅਤੇ ਮਾਸਪੇਸ਼ੀਆਂ ਹੁੰਦੀਆਂ ਹਨ ਮਜ਼ਬੂਤ
ਨਿਯਮਤ ਰੂਪ ਨਾਲ ਸੈਰ ‘ਤੇ ਜਾਣ ਵਾਲੇ ਵਿਅਕਤੀਆਂ ਦੀਆਂ ਸਾਰੀਆਂ ਮਾਸਪੇਸ਼ੀਆਂ ਕਿਰਿਆਸ਼ੀਲ ਅਤੇ ਮਜ਼ਬੂਤ ਹੋ ਜਾਂਦੀਆਂ ਹਨ। ਇਸ ਨਾਲ ਹੱਡੀਆਂ ਨੂੰ ਵੀ ਮਜ਼ਬੂਤੀ ਮਿਲਦੀ ਹੈ।

8. ਖੂਨ ਸੰਚਾਰ ਤੀਬਰ ਹੁੰਦੈ
ਇਸ ਨਾਲ ਬੁਢਾਪੇ ਵਿਚ ਅਸਿਥਰੋਗਾਂ ਦਾ ਖਤਰਾ ਘਟ ਜਾਂਦਾ ਹੈ। ਸਵੇਰੇ ਘੁੰਮਣ ਨਾਲ ਖੂਨ ਸੰਚਾਰ ਤੀਬਰ ਹੁੰਦਾ ਹੈ, ਜਿਸ ਨਾਲ ਚੁਸਤੀ ਦਾ ਅਹਿਸਾਸ ਹੁੰਦਾ ਹੈ। ਧਮਨੀਆਂ ਵਿਚ ਖੂਨ ਦੇ ਥੱਬੇ ਨਹੀਂ ਬਣਦੇ, ਜਿਸ ਨਾਲ ਦਿਲ ਦੇ ਰੋਗ, ਸ਼ੂਗਰ, ਖੂਨ ਦਾ ਦਬਾਅ ਆਦਿ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। 


author

Tarsem Singh

Content Editor

Related News