ਸਿਹਤ ਲਈ ਲਾਭਕਾਰੀ ਹੈ ਕਸ਼ਮੀਰੀ ਗੁਲਾਬੀ ਚਾਹ, ਕਬਜ਼ ਤੋਂ ਇਲਾਵਾ ਕਈ ਰੋਗਾਂ ਨੂੰ ਕਰਦੀ ਹੈ ਦੂਰ

Thursday, Dec 29, 2022 - 12:42 PM (IST)

ਸਿਹਤ ਲਈ ਲਾਭਕਾਰੀ ਹੈ ਕਸ਼ਮੀਰੀ ਗੁਲਾਬੀ ਚਾਹ, ਕਬਜ਼ ਤੋਂ ਇਲਾਵਾ ਕਈ ਰੋਗਾਂ ਨੂੰ ਕਰਦੀ ਹੈ ਦੂਰ

ਜਲੰਧਰ (ਬਿਊਰੋ)– ਬਹੁਤ ਸਾਰੇ ਲੋਕਾਂ ਨੂੰ ਚਾਹ ਪੀਣੀ ਪਸੰਦ ਹੁੰਦੀ ਹੈ। ਕੁਝ ਲੋਕ ਤਾਂ ਆਪਣੇ ਦਿਨ ਦੀ ਸ਼ੁਰੂਆਤ ਹੀ ਚਾਹ ਨਾਲ ਕਰਦੇ ਹਨ। ਸਰਦੀਆਂ ਦਾ ਮੌਸਮ ਤਾਂ ਚਾਹ ਦੀਆਂ ਚੁਸਕੀਆਂ ਤੋਂ ਬਿਨਾਂ ਅਧੂਰਾ ਲੱਗਦਾ ਹੈ ਤਾਂ ਕਿਉਂ ਨਾ ਇਸ ਵਾਰ ਸਰਦੀਆਂ ਦੇ ਮੌਸਮ ’ਚ ਗੁਲਾਬੀ ਕਸ਼ਮੀਰੀ ਚਾਹ ਦਾ ਆਨੰਦ ਲਿਆ ਜਾਵੇ। ਗੁਲਾਬੀ ਕਸ਼ਮੀਰੀ ਚਾਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਗੁਲਾਬੀ ਕਸ਼ਮੀਰੀ ਚਾਹ ਤੋਂ ਮਿਲਣ ਵਾਲੇ ਫ਼ਾਇਦਿਆਂ ਤੇ ਇਸ ਦੀ ਰੈਸਿਪੀ ਬਾਰੇ ਦੱਸਾਂਗੇ। ਇਸ ਚਾਹ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ ਵੀ ਤੰਦਰੁਸਤ ਹੋਵੇਗਾ ਤੇ ਮੂਡ ਵੀ ਫਰੈੱਸ਼ ਰਹੇਗਾ।

ਸਮੱਗਰੀ
ਗ੍ਰੀਨ ਟੀ–
2 ਚਮਚੇ (ਵੱਡੀਆਂ ਪੱਤੀਆਂ)
ਪਾਣੀ– 2 ਕੱਪ
ਦੁੱਧ– 2 ਕੱਪ
ਬੇਕਿੰਗ ਸੋਡਾ– 1/3 ਚਮਚੇ
ਲੂਣ– 1/2 ਚਮਚਾ

ਬਣਾਉਣ ਦਾ ਤਰੀਕਾ

  • ਚਾਹ ਦੀਆਂ ਪੱਤੀਆਂ ਨੂੰ 1 ਕੱਪ ਪਾਣੀ ’ਚ ਪਾ ਕੇ ਉਦੋਂ ਤਕ ਉਬਾਲੋ ਜਦੋਂ ਤਕ ਉਸ ’ਚ ਝੱਗ ਨਾ ਆ ਜਾਵੇ।
  • ਹੁਣ ਇਸ ’ਚ ਬੇਕਿੰਗ ਸੋਡਾ ਪਾ ਕੇ 10 ਸਕਿੰਟ ਤਕ ਹਿਲਾਓ।
  • ਚਾਹ ’ਚ ਉਬਾਲ ਆਉਣ ’ਤੇ ਇਸ ’ਚ 1 ਕੱਪ ਪਾਣੀ ਤੇ ਇਲਾਇਚੀ ਨੂੰ ਕੁੱਟ ਕੇ ਪਾਓ।
  • ਹੁਣ ਚਾਹ ਨੂੰ ਗੁਲਾਬੀ ਹੋਣ ਤਕ ਉਬਾਲੋ।
  • ਫਿਰ ਇਸ ’ਚ ਦੁੱਧ ਪਾ ਕੇ ਝੱਗ ਬਣਨ ਤਕ ਚੰਗੀ ਤਰ੍ਹਾਂ ਹਿਲਾਓ।
  • ਹੁਣ ਇਸ ’ਚ ਸਵਾਦ ਅਨੁਸਾਰ ਲੂਣ ਪਾਓ।
  • ਗੁਲਾਬੀ ਕਸ਼ਮੀਰੀ ਚਾਹ ਬਣ ਕੇ ਤਿਆਰ ਹੈ।

ਗੁਲਾਬੀ ਕਸ਼ਮੀਰੀ ਚਾਹ ਤੋਂ ਮਿਲਣ ਵਾਲੇ ਫ਼ਾਇਦੇ

ਪਾਚਨ ਤੰਤਰ ਕਰੇ ਮਜ਼ਬੂਤ
ਗੁਲਾਬੀ ਚਾਹ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਨਾਲ ਕਬਜ਼ ਨਹੀਂ ਹੁੰਦੀ। ਨਾਲ ਹੀ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

ਇਮਿਊਨ ਸਿਸਟਮ ਬਣਾਏ ਮਜ਼ਬੂਤ
ਇਸ ਚਾਹ ਦੀ ਵਰਤੋਂ ਕਰਨ ਨਾਲ ਬੀਮਾਰੀਆਂ ਸਰੀਰ ਤੋਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦੀ ਹੈ।

ਦਿਲ ਦੇ ਮਰੀਜ਼ਾਂ ਲਈ ਲਾਭਦਾਇਕ
ਗੁਲਾਬੀ ਕਸ਼ਮੀਰੀ ਚਾਹ ਦਿਲ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਦਿਲ ਸਿਹਤਮੰਦ ਰਹਿੰਦਾ ਹੈ।

ਭਾਰ ਘਟਾਉਣ ’ਚ ਮਦਦਗਾਰ
ਇਸ ’ਚ ਘੱਟ ਮਾਤਰਾ ’ਚ ਕੈਲਰੀ ਪਾਈ ਜਾਂਦੀ ਹੈ, ਜੋ ਕਿ ਭਾਰ ਘਟਾਉਣ ’ਚ ਮਦਦਗਾਰ ਹੈ। ਇਸ ਲਈ ਤੁਸੀਂ ਰੋਜ਼ਾਨਾ 1 ਕੱਪ ਗੁਲਾਬੀ ਚਾਹ ਦੀ ਵਰਤੋਂ ਕਰ ਸਕਦੇ ਹੋ।

ਟਿਪਸ
ਇਸ ਚਾਹ ਦੀ ਵਰਤੋਂ ਦਿਨ ’ਚ ਸਿਰਫ਼ ਇਕ ਜਾਂ ਦੋ ਵਾਰ ਹੀ ਕਰੋ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਹੋ ਸਕਦਾ ਹੈ।

ਨੋਟ– ਤੁਸੀਂ ਆਪਣੀ ਡਾਈਟ ’ਚ ਕਸ਼ਮੀਰੀ ਗੁਲਾਬੀ ਚਾਹ ਦੀ ਵਰਤੋਂ ਕਰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News