ਹਰ ਤੀਜਾ ਭਾਰਤੀ ਜਿਗਰ ਦੇ ਰੋਗ ਦੀ ਲਪੇਟ ’ਚ! 38 ਫੀ ਸਦੀ ਆਬਾਦੀ ਫੈਟੀ ਲਿਵਰ ਤੋਂ ਪੀੜਤ

Wednesday, Jul 29, 2026 - 12:03 PM (IST)

ਹਰ ਤੀਜਾ ਭਾਰਤੀ ਜਿਗਰ ਦੇ ਰੋਗ ਦੀ ਲਪੇਟ ’ਚ! 38 ਫੀ ਸਦੀ ਆਬਾਦੀ ਫੈਟੀ ਲਿਵਰ ਤੋਂ ਪੀੜਤ

ਨਵੀਂ ਦਿੱਲੀ - ਜਿਗਰ ਦੇ ਰੋਗ ਹੁਣ ਸਿਰਫ ਸ਼ਰਾਬ ਪੀਣ ਵਾਲਿਆਂ ਤੱਕ ਸੀਮਤ ਨਹੀਂ ਰਿਹਾ। ਖ਼ਰਾਬ ਖਾਣ-ਪੀਣ, ਵਧਦਾ ਮੋਟਾਪਾ, ਸਰੀਰਕ ਸਰਗਰਮੀ ’ਚ ਕਮੀ ਅਤੇ ਦੂਸ਼ਿਤ ਪਾਣੀ ਨੇ ਇਸ ਨੂੰ ਦੇਸ਼ ਵਿਚ ਤੇਜ਼ੀ ਨਾਲ ਫੈਲਣ ਵਾਲੀ ‘ਸਾਈਲੈਂਟ ਮਹਾਮਾਰੀ’ ਬਣਾ ਦਿੱਤਾ ਹੈ। ਹਰ ਤੀਜਾ ਭਾਰਤੀ ਜਿਗਰ ਦੇ ਰੋਗ ਦੀ ਲਪੇਟ ਵਿਚ ਮੰਨਿਆ ਜਾ ਰਿਹਾ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਦੇਸ਼ ਦੀ ਲੱਗਭਗ 38 ਫੀਸਦੀ ਆਬਾਦੀ ਫੈਟੀ ਲਿਵਰ ਤੋਂ ਪ੍ਰਭਾਵਿਤ ਹੈ, ਜਦੋਂ ਕਿ 35 ਫੀਸਦੀ ਬੱਚਿਆਂ ਵਿਚ ਵੀ ਇਸ ਦੇ ਸ਼ੁਰੂਆਤੀ ਸੰਕੇਤ ਮਿਲ ਰਹੇ ਹਨ।

ਦੂਜੇ ਪਾਸੇ ਕਰੋੜਾਂ ਲੋਕ ਹੈਪੇਟਾਈਟਸ-ਬੀ ਅਤੇ ਸੀ ਦੇ ਇਨਫੈਕਸ਼ਨ ਨਾਲ ਜੀ ਰਹੇ ਹਨ, ਪਰ ਬਹੁਤਿਆਂ ਨੂੰ ਆਪਣੀ ਬੀਮਾਰੀ ਦਾ ਪਤਾ ਤੱਕ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਗਰ ਦਾ ਰੋਗ ਅਕਸਰ ਬਿਨਾਂ ਕਿਸੇ ਸ਼ੁਰੂਆਤੀ ਲੱਛਣ ਦੇ ਵਧਦਾ ਹੈ ਅਤੇ ਮਰੀਜ਼ ਉਦੋਂ ਹਸਪਤਾਲ ਪਹੁੰਚਦੇ ਹਨ, ਜਦੋਂ ਜਿਗਰ ਸਿਰੋਸਿਸ, ਕੈਂਸਰ ਜਾਂ ਫੇਲ ਹੋਣ ਵਰਗੀ ਗੰਭੀਰ ਸਥਿਤੀ ਵਿਚ ਪਹੁੰਚ ਚੁੱਕਾ ਹੁੰਦਾ ਹੈ।

ਵਿਸ਼ਵ ਹੈਪੇਟਾਈਟਸ ਦਿਵਸ ’ਤੇ ਏਮਜ਼ ਦਿੱਲੀ ਦੇ ਗੈਸਟ੍ਰੋਐਂਟਰੋਲੋਜੀ ਵਿਭਾਗ ਦੇ ਮੁਖੀ ਡਾ. ਪ੍ਰਮੋਦ ਗਰਗ ਅਤੇ ਡਾ. ਸ਼ਾਲੀਮਾਰ ਨੇ ਚਿਤਾਵਨੀ ਦਿੱਤੀ ਕਿ ਬਦਲਦੀ ਜੀਵਨ ਸ਼ੈਲੀ ਅਤੇ ਇਨਫੈਕਸ਼ਨ ਦੋਵੇਂ ਮਿਲ ਕੇ ਭਾਰਤ ਵਿਚ ਜਿਗਰ ਦੀ ਬੀਮਾਰੀ ਦਾ ਬੋਝ ਤੇਜ਼ੀ ਨਾਲ ਵਧਾ ਰਹੇ ਹਨ। ਫੈਟੀ ਲਿਵਰ ਹੁਣ ਬੱਚਿਆਂ ਅਤੇ ਨੌਜਵਾਨਾਂ ਵਿਚ ਵੀ ਤੇਜ਼ੀ ਨਾਲ ਵਧ ਰਿਹਾ ਹੈ।


author

Sunaina

Content Editor

Related News