ਸ਼ੂਗਰ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ, ਜਾਣੋ ਕਿਹੜੇ ਸਮੇਂ ਕੀ ਖਾਣ ਅਤੇ ਕਿਹੜੀਆਂ ਚੀਜ਼ਾਂ ਤੋਂ ਬਣਾ ਕੇ ਰੱਖਣ ਦੂਰੀ

Monday, Sep 19, 2022 - 05:12 PM (IST)

ਸ਼ੂਗਰ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ, ਜਾਣੋ ਕਿਹੜੇ ਸਮੇਂ ਕੀ ਖਾਣ ਅਤੇ ਕਿਹੜੀਆਂ ਚੀਜ਼ਾਂ ਤੋਂ ਬਣਾ ਕੇ ਰੱਖਣ ਦੂਰੀ

ਜਲੰਧਰ (ਬਿਊਰੋ) - ਅਜੌਕੇ ਸਮੇਂ ਦੀ ਖ਼ਰਾਬ ਜੀਵਨ ਸ਼ੈਲੀ ਕਾਰਨ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਸ਼ੂਗਰ ਦੀ ਬੀਮਾਰੀ ਆਮ ਹੋ ਗਈ ਹੈ। ਗ਼ਲਤ-ਪੀਣ ਦੀਆਂ ਆਦਤਾਂ ਕਾਰਨ ਬਹੁਤ ਸਾਰੇ ਲੋਕ ਸ਼ੂਗਰ ਤੋਂ ਪੀੜਤ ਹਨ। ਸ਼ੂਗਰ ਇਕ ਅਜਿਹੀ ਬੀਮਾਰੀ ਹੈ, ਜੋ ਸਰੀਰ ਨੂੰ ਹੌਲੀ-ਹੌਲੀ ਅੰਦਰੋਂ ਖੋਖਲਾ ਕਰ ਦਿੰਦੀ ਹੈ। ਇਸ ਸਮੱਸਿਆ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ, ਕਿਉਂਕਿ ਇਸ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਭਾਵੇਂ ਤੁਸੀਂ ਦਵਾਈ ਦਾ ਸੇਵਨ ਸਮੇਂ ਸਿਰ ਕਰਦੇ ਹੋ ਪਰ ਇਸ ਲਈ ਸਹੀ ਖ਼ੁਰਾਕ ਖਾਣੀ ਵੀ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੀ ਖੁਰਾਕ ਸਹੀ ਹੋਵੇਗੀ ਤਾਂ ਤੁਹਾਡਾ ਸਰੀਰ ਇਸ ਬੀਮਾਰੀ ਨਾਲ ਲੜਨ ਲਈ ਤਿਆਰ ਰਹੇਗਾ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਿਹੜੇ ਸਮੇਂ ਕੀ ਖਾਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ..... 

ਸ਼ੂਗਰ ਦੇ ਮਰੀਜ਼ ਇੰਝ ਕਰਨ ਆਪਣੇ ਦਿਨ ਦੀ ਸ਼ੁਰੂਆਤ 

1. ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਪਾਣੀ ਨਾਲ ਕਰਨੀ ਚਾਹੀਦੀ ਹੈ। ਤੁਸੀਂ ਇਸ ਪਾਣੀ 'ਚ ਅੱਧਾ ਚਮਚ ਮੇਥੀ ਪਾਊਡਰ ਮਿਲਾ ਕੇ ਪੀ ਸਕਦੇ ਹੋ। 
2. ਜੇਕਰ ਤੁਸੀਂ ਪਾਣੀ ’ਚ ਮਿਲਾ ਕੇ ਮੇਥੀ ਪਾਊਡਰ ਨਹੀਂ ਪੀ ਸਕਦੇ ਤਾਂ ਰਾਤ ਭਰ ਜੌਂ ਨੂੰ ਭਿਓ ਕੇ ਰੱਖ ਲਓ। ਸਵੇਰੇ ਛਾਣ ਕੇ ਇਸ ਦਾ ਪਾਣੀ ਪੀ ਲਓ।
3. ਇਸ ਤੋਂ ਬਾਅਦ ਤੁਸੀਂ ਇਕ ਘੰਟੇ ਤੱਕ ਕੁਝ ਨਾ ਖਾਓ।
4. ਫਿਰ ਤੁਸੀਂ ਚਾਹ ਲੈ ਸਕਦੇ ਹੋ, ਜੋ ਸ਼ੂਗਰ ਫ੍ਰੀ ਵੀ ਹੋਵੇ। ਇਸ ਨਾਲ ਤੁਸੀਂ ਕੁਝ ਵੀ ਹਲਕਾ ਜਿਹਾ ਖਾ ਸਕਦੇ ਹੋ, ਜਿਵੇਂ ਨਮਕੀਨ ਜਾਂ ਬਿਸਕੁਟ।

ਸ਼ੂਗਰ ਦੇ ਮਰੀਜ਼ ਦਾ ਅਜਿਹਾ ਹੋਵੇ ਨਾਸ਼ਤਾ

1. ਨਾਸ਼ਤੇ 'ਚ ਫੈਟ ਫ੍ਰੀ ਦੁੱਧ ਦਾ ਸੇਵਨ ਕਰੋ। 
2. ਦਲੀਆ ਖਾਓ। ਇਸ ਤੋਂ ਵਧੀਆ ਅਤੇ ਸਿਹਤਮੰਦ ਨਾਸ਼ਤਾ ਸ਼ੂਗਰ ਦੇ ਮਰੀਜ਼ਾਂ ਲਈ ਕੋਈ ਨਹੀਂ ਹੋ ਸਕਦਾ।
3. ਤੁਸੀਂ ਨਾਸ਼ਤੇ 'ਚ ਬਰੈੱਡ ਵੀ ਖਾ ਸਕਦੇ ਹੋ। ਜੇਕਰ ਤੁਸੀਂ ਨਾਸ਼ਤੇ ’ਚ ਬ੍ਰਾਊਨ ਬ੍ਰੈੱਡ ਖਾਂਦੇ ਹੋ ਤਾਂ ਉਸ ਨਾਲ ਤੁਹਾਨੂੰ ਜ਼ਿਆਦਾ ਫ਼ਾਇਦਾ ਹੋਵੇਗਾ।
4. ਜੇਕਰ ਸ਼ੂਗਰ ਦੇ ਮਰੀਜ਼ ਪਰਾਠਾ ਖਾਣਾ ਚਾਹੁੰਦੇ ਹਨ ਤਾਂ ਉਹ ਦੇਸੀ ਘਿਓ ਅਤੇ ਤੇਲ ਤੋਂ ਬਿਨਾਂ ਖਾਣ। ਪਰਾਠੇ ਨਾਲ ਇੱਕ ਕਟੋਰੀ ਦਹੀਂ ਵੀ ਖਾ ਸਕਦੇ ਹੋ।

11-12 ਵਜੇ ਦੇ ਵਿਚਕਾਰ ਖਾਓ ਇਹ ਚੀਜ਼ਾਂ
10 ਵਜੇ ਨਾਸ਼ਤਾ ਕਰਨ ਤੋਂ ਬਾਅਦ ਸ਼ੂਗਰ ਦੇ ਮਰੀਜ਼ 12 ਵਜੇ ਦੇ ਕਰੀਬ ਫਲ ਦਾ ਸੇਵਨ ਕਰ ਸਕਦੇ ਹਨ।

1. ਫਲਾਂ ’ਚ ਅਮਰੂਦ ਦਾ ਸੇਵਨ ਕਰੋ। ਜੇਕਰ ਗਰਮੀਆਂ ਦਾ ਮੌਸਮ ਹੈ ਤਾਂ ਸੰਤਰਾ ਬਹੁਤ ਵਧੀਆ ਹੋਵੇਗਾ। ਤੁਸੀਂ ਪਪੀਤਾ ਅਤੇ ਸੇਬ ਵੀ ਖਾ ਸਕਦੇ ਹੋ। 
2. ਜੇਕਰ ਤੁਸੀਂ ਫਲ ਨਹੀਂ ਖਾਣਾ ਚਾਹੁੰਦੇ ਤਾਂ ਮੂੰਗਫਲੀ ਖਾਓ।
3. ਤੁਸੀਂ ਕਾਲੇ ਛੋਲੇ ਵੀ ਖਾ ਸਕਦੇ ਹੋ।

ਦੁਪਹਿਰ ਦੇ ਖਾਣੇ 'ਚ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

1. ਦੁਪਹਿਰ ਦੇ ਖਾਣੇ 'ਚ ਸ਼ੂਗਰ ਦੇ ਮਰੀਜ਼ ਇਕ ਕਟੋਰੀ ਦਾਲ, 2 ਰੋਟੀਆਂ, ਸਬਜ਼ੀ (ਕੋਈ ਵੀ) ਸ਼ਾਮਲ ਕਰ ਸਕਦੇ ਹਨ। ਦੁਪਹਿਰ ਦੇ ਖਾਣੇ ’ਚ ਸਲਾਦ ਜ਼ਰੂਰ ਖਾਓ।

ਸ਼ਾਮ ਨੂੰ ਖਾਓ ਇਹ ਚੀਜ਼ਾਂ 
ਜੇਕਰ ਸ਼ੂਗਰ ਦੇ ਮਰੀਜ਼ ਨੂੰ ਸ਼ਾਮ ਨੂੰ ਭੁੱਖ ਲੱਗਦੀ ਹੈ ਤਾਂ ਉਹ ਸ਼ੂਗਰ ਫ੍ਰੀ ਚਾਹ ਪੀ ਸਕਦੇ ਹਨ। ਇਸ ਦੇ ਨਾਲ ਹੀ ਉਹ ਗ੍ਰੀਨ-ਟੀ ਦੇ ਨਾਲ ਨਮਕੀਨ ਦਾ ਸੇਵਨ ਵੀ ਕਰ ਸਕਦੇ ਹਨ। 

ਅਜਿਹਾ ਹੋਵੇ ਰਾਤ ਦਾ ਖਾਣਾ
ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਦਿਨ ਭਰ ਹਲਕਾ ਖਾਣਾ ਖਾਂਦੇ ਹਨ ਪਰ ਫਿਰ ਰਾਤ ਨੂੰ ਹੈਵੀ ਡਿਨਰ ਕਰਦੇ ਹਨ।

1. ਰਾਤ ਨੂੰ ਸਬਜ਼ੀ ਦੇ ਨਾਲ ਇੱਕ ਕਟੋਰੀ ਦਾਲ ਦਾ ਸੇਵਨ ਕਰੋ
2. ਇਸ ਦੇ ਨਾਲ 1-2 ਰੋਟੀਆਂ ਖਾਓ
3. ਜੇਕਰ ਤੁਸੀਂ ਖਾਣਾ ਨਹੀਂ ਖਾਣਾ ਚਾਹੁੰਦੇ ਤਾਂ ਸਲਾਦ, ਫਲ ਅਤੇ ਚਿਕਨ ਦਾ ਸੇਵਨ ਕਰ ਸਕਦੇ ਹੋ।

ਇਨ੍ਹਾਂ ਚੀਜ਼ਾਂ ਤੋਂ ਬਣਾ ਕੇ ਰੱਖੋ ਦੂਰੀ
ਸ਼ੂਗਰ ਦੇ ਮਰੀਜ਼ਾਂ ਨੂੰ ਚਾਵਲ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਆਲੂਆਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਮਿਠਾਈਆਂ ਤੋਂ ਦੂਰ ਰਹੋ। ਸ਼ੂਗਰ ਦੇ ਮਰੀਜ਼ ਚੀਕੂ, ਅੰਬ ਅਤੇ ਤਰਬੂਜ ਨਾ ਖਾਣ, ਕਿਉਂਕਿ ਇਨ੍ਹਾਂ ’ਚ ਬਹੁਤ ਮਿੱਠਾ ਹੁੰਦਾ ਹੈ। 


author

rajwinder kaur

Content Editor

Related News