Corona Care: ਤਾਲਾਬੰਦੀ ਤੋਂ ਬਾਅਦ ਜਾ ਰਹੇ ਹੋ ਦਫ਼ਤਰ, ਤਾਂ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖ਼ਾਸ ਧਿਆਨ
Saturday, Jun 19, 2021 - 10:55 AM (IST)
ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦਾ ਕਹਿਰ ਫਿਲਹਾਲ ਰੁੱਕ ਚੁੱਕਾ ਹੈ ਅਤੇ ਅਜਿਹੇ ’ਚ ਸਥਿਤੀ ਕੁਝ ਹੱਦ ਤੱਕ ਆਮ ਹੁੰਦੀ ਦਿਸ ਰਹੀ ਹੈ। ਮੈਟਰੋ ਤੋਂ ਲੈ ਕੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਖੁੱਲ੍ਹ ਚੁੱਕੇ ਹਨ। ਲੰਬੀ ਤਾਲਾਬੰਦੀ ਤੋਂ ਬਾਅਦ ਕੋਰੋਨਾ ਦੀ ਰਫ਼ਤਾਰ ਨੂੰ ਬੇਸ਼ੱਕ ਹੌਲੀ ਕੀਤੀ ਗਈ ਹੈ ਪਰ ਖ਼ਤਰਾ ਹਾਲੇ ਰੁਕਿਆ ਨਹੀਂ ਹੈ। ਦੇਸ਼ ’ਚ ਹਾਲੇ ਵੀ ਕੋਰੋਨਾ ਦੇ 65 ਹਜ਼ਾਰ ਤੋਂ ਉੱਪਰ ਰੋਜ਼ ਮਾਮਲੇ ਆ ਰਹੇ ਹਨ, ਇਸ ਲਈ ਕੰਮ ’ਤੇ ਜਾ ਰਹੇ ਹੋ ਤਾਂ ਥੋੜ੍ਹਾ ਸਾਵਧਾਨ ਹੋ ਜਾਓ।
ਜਦੋਂ ਤਕ ਇਸ ਵਾਇਰਸ ਦਾ ਪੂਰੀ ਤਰ੍ਹਾਂ ਖ਼ਾਤਮਾ ਨਹੀਂ ਹੋ ਜਾਂਦਾ ਤਦ ਤਕ ਸਾਨੂੰ ਇਸ ਵਾਇਰਸ ਦੇ ਨਾਲ ਜਿਊਣ ਦੀ ਆਦਤ ਪਾਉਣੀ ਹੋਵੇਗੀ। ਸਾਨੂੰ ਆਪਣੀ ਡੇਲੀ ਰੂਟੀਨ ਇਸ ਤਰ੍ਹਾਂ ਪਲਾਨ ਕਰਨੀ ਹੋਵੇਗੀ ਕਿ ਅਸੀਂ ਸੁਰੱਖਿਅਤ ਤਰੀਕੇ ਨਾਲ ਦਫ਼ਤਰ ਅਤੇ ਜਨਤਕ ਥਾਵਾਂ ’ਤੇ ਜਾ ਸਕੀਏ। ਕੋਰੋਨਾ ਤੋਂ ਬਚਣ ਲਈ ਤੁਹਾਨੂੰ ਆਪਣਾ ਬੈਗ ਥੋੜ੍ਹਾ ਭਾਰੀ ਕਰਨਾ ਹੋਵੇਗਾ ਤਾਂਕਿ ਤੁਹਾਨੂੰ ਆਪਣੀ ਜ਼ਰੂਰਤ ਲਈ ਦਫ਼ਤਰ ਦੇ ਸਾਮਾਨ ’ਤੇ ਨਿਰਭਰ ਨਾ ਰਹਿਣਾ ਪਵੇ। ਯਾਦ ਰੱਖੋ ਕੋਰੋਨਾ ਤੋਂ ਤੁਹਾਨੂੰ ਡਰਨਾ ਨਹੀਂ ਹੈ, ਸਿਰਫ਼ ਆਪਣਾ ਬਚਾਅ ਕਰਨਾ ਹੈ।
ਆਓ ਜਾਣਦੇ ਹਾਂ...
1. ਦਫ਼ਤਰਾਂ ’ਚ ਥਰਮਲ ਸਕੈਨਿੰਗ ਲਾਜ਼ਮੀ ਹੈ, ਨਾਲ ਹੀ ਦਫ਼ਤਰ ਨੂੰ ਸੈਨੇਟਾਈਜ਼ ਵੀ ਰੋਜ਼ ਕੀਤਾ ਜਾਂਦਾ ਹੈ ਫਿਰ ਵੀ ਤੁਹਾਡੇ ਲਈ ਬਚਾਅ ਜ਼ਰੂਰੀ ਹੈ। ਤੁਸੀਂ ਦਫ਼ਤਰ ’ਚ ਹਮੇਸ਼ਾ ਮਾਸਕ ਦਾ ਇਸਤੇਮਾਲ ਕਰੋ। ਦੋਸਤਾਂ ਨਾਲ ਗੱਲਬਾਤ ਦੌਰਾਨ ਵੀ ਮਾਸਕ ਨੂੰ ਮੂੰਹ ਤੋਂ ਨਾ ਚੁੱਕੋ।
2. ਆਪਣੇ ਨਾਲ ਹੈਂਡ ਸੈਨੇਟਾਈਜ਼ਰ ਜਾਂ ਪੇਪਰ ਸੋਪ ਜ਼ਰੂਰ ਰੱਖੋ। ਲੰਚ ਘਰੋਂ ਲੈ ਕੇ ਜਾਓ, ਬਾਹਰ ਖਾਣ ਦੀ ਆਦਤ ਬਦਲੋ। ਪਾਣੀ ਦੀ ਬੋਤਲ ਅਤੇ ਜ਼ਰੂਰੀ ਦਵਾਈ ਕੋਲ ਰੱਖੋ।
3. ਲੈਪਟਾਪ ਅਤੇ ਮੋਬਾਈਲ ਰੱਖਣ ਤੋਂ ਪਹਿਲਾਂ ਡੈਸਕ ਸਾਫ਼ ਕਰ ਲਓ।
4. ਆਪਣਾ ਜ਼ਿਆਦਾਤਰ ਸਮਾਨ ਜਿਪ ਲਾਪ ਪਾਊਚ ’ਚ ਰੱਖੋ, ਤਾਂਕਿ ਤੁਹਾਡੀਆਂ ਚੀਜ਼ਾਂ ਵਾਇਰਸ ਦੀ ਲਪੇਟ ’ਚ ਨਾ ਆਉਣ।
5. ਦਫ਼ਤਰ ’ਚ ਸਟੇਸ਼ਨਰੀ ਦੇ ਸਮਾਨ ਨੂੰ ਕਿਸੇ ਨਾਲ ਸ਼ੇਅਰ ਨਾ ਕਰੋ।
6. ਰੋਜ਼ਮਰ੍ਹਾ ’ਚ ਕੰਮ ਆਉਣ ਵਾਲੀਆਂ ਵਸਤੂਆਂ ਜਿਵੇਂ ਏਅਰਫੋਨ, ਚਾਰਜਰ, ਪਾਵਰ ਬੈਂਕ ਅਤੇ ਲੈਪਟਾਪ ਦਾ ਚਾਰਜਰ ਆਪਣੇ ਨਾਲ ਰੱਖੋ।
7. ਦਫ਼ਤਰ ’ਚ ਚਾਹ ਅਤੇ ਕੌਫੀ ਪੀਣ ਦੀ ਆਦਤ ਹੈ ਤਾਂ ਆਪਣੇ ਘਰੋਂ ਹੀ ਟੀ ਬੈਗਸ ਆਦਿ ਲੈ ਕੇ ਨਿਕਲੋ।
8. ਆਪਣੇ ਨਾਲ ਲੋਸ਼ਨ ਜਾਂ ਮਾਇਸਚੁਰਾਈਜ਼ਰ ਰੱਖੋ। ਸੈਨੇਟਾਈਜ਼ਰ ਦੇ ਵੱਧ ਇਸਤੇਮਾਲ ਨਾਲ ਹੱਥ ਰੁੱਖੇ ਹੋ ਜਾਂਦੇ ਹਨ ਤਾਂ ਤੁਸੀਂ ਮਾਇਸਚੁਰਾਈਜ਼ਰ ਦਾ ਇਸਤੇਮਾਲ ਕਰ ਸਕਦੇ ਹੋ।
9. ਸਹਿ-ਕਰਮਚਾਰੀਆਂ ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖੋ।
ਰਸਤੇ ’ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਰਸਤੇ ’ਚ ਆਪਣਾ ਫੇਸ ਮਾਸਕ ਨਾ ਉਤਾਰੋ।
- ਰਸਤੇ ’ਚ ਕੁਝ ਖ਼ਰੀਦਣ ਲਈ ਨਾ ਰੁਕੋ, ਜ਼ਿਆਦਾ ਜ਼ਰੂਰਤ ਮਹਿਸੂਸ ਹੋਣ ’ਤੇ ਹੀ ਖ਼ਰੀਦਦਾਰੀ ਕਰੋ।
- ਕਾਰ ਜਾਂ ਸਕੂਟਰ ਦੇ ਜਿਸ ਹਿੱਸੇ ’ਤੇ ਲੋਕਾਂ ਦੇ ਹੱਥ ਸਭ ਤੋਂ ਵੱਧ ਲੱਗਣ ਦੀ ਸੰਭਾਵਨਾ ਹੈ, ਉਸਨੂੰ ਛੂਹਣ ਤੋਂ ਪਹਿਲਾਂ ਸੈਨੇਟਾਈਜ਼ ਕਰੋ।
- ਸੰਭਵ ਹੋਵੇ ਤਾਂ ਲਿਫਟ ਦਾ ਇਸਤੇਮਾਲ ਨਾ ਕਰੋ ਅਤੇ ਜੇਕਰ ਕਰੋ ਵੀ ਤਾਂ ਲਿਫਟ ਦੇ ਬਟਨ ਨੂੰ ਹੱਥ ਨਾ ਲਗਾਓ।