ਨੌਜਵਾਨਾਂ ਦੀ ਫਿਟਨੈੱਸ ’ਤੇ ਖ਼ਤਰੇ ਦੀ ਘੰਟੀ, 45 ਫ਼ੀਸਦੀ ਟ੍ਰੈੱਡਮਿਲ ਟੈਸਟ ’ਚ ਫ਼ੇਲ

Friday, Jun 19, 2026 - 03:18 AM (IST)

ਨੌਜਵਾਨਾਂ ਦੀ ਫਿਟਨੈੱਸ ’ਤੇ ਖ਼ਤਰੇ ਦੀ ਘੰਟੀ, 45 ਫ਼ੀਸਦੀ ਟ੍ਰੈੱਡਮਿਲ ਟੈਸਟ ’ਚ ਫ਼ੇਲ

ਕਾਨਪੁਰ - ਆਧੁਨਿਕ ਜੀਵਨਸ਼ੈਲੀ ਅਤੇ ਘਟਦੀ ਸਰੀਰਕ ਸਰਗਰਮੀ ਦਾ ਅਸਰ ਹੁਣ ਨੌਜਵਾਨਾਂ ਦੀ ਫਿਟਨੈੱਸ ’ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਇੰਸਟੀਚਿਊਟ ਆਫ਼ ਕਾਰਡੀਓਲਾਜੀ ਦੇ ਇਕ ਅਧਿਐਨ ਵਿਚ ਖ਼ੁਲਾਸਾ ਹੋਇਆ ਹੈ ਕਿ ਦਿਲ ਦੀ ਸ਼ੁਰੂਆਤੀ ਜਾਂਚ ਰਿਪੋਰਟ ਨਾਰਮਲ ਆਉਣ ਦੇ ਬਾਵਜੂਦ ਵੱਡੀ ਗਿਣਤੀ ’ਚ ਨੌਜਵਾਨ ਟ੍ਰੈੱਡਮਿਲ ਟੈਸਟ (ਟੀ.ਐੱਮ.ਟੀ.) ’ਚ ਫ਼ੇਲ ਹੋ ਰਹੇ ਹਨ।

ਮਾਹਰ ਇਸ ਨੂੰ ਆਉਣ ਵਾਲੇ ਸਮੇਂ ’ਚ ਗੰਭੀਰ ਦਿਲ ਦੀ ਬੀਮਾਰੀ ਦੇ ਖ਼ਤਰੇ ਦਾ ਸੰਕੇਤ ਮੰਨ ਰਹੇ ਹਨ। ਅਧਿਐਨ ਮੁਤਾਬਕ 25 ਤੋਂ 45 ਸਾਲ ਉਮਰ ਵਰਗ ਦੇ ਲੱਗਭਗ 45 ਫ਼ੀਸਦੀ ਨੌਜਵਾਨ ਟੀ.ਐੱਮ.ਟੀ. ਟੈਸਟ ਵਿਚ ਤੈਅ ਸਮੇਂ ਤੱਕ ਨਹੀਂ ਟਿਕ ਸਕੇ। ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਇਨ੍ਹਾਂ ’ਚੋਂ ਬਹੁਤਿਆਂ ਦੀ ਈ.ਸੀ.ਜੀ., ਈਕੋ ਅਤੇ ਐਂਜੀਓਗ੍ਰਾਫੀ ਰਿਪੋਰਟ ਨਾਰਮਲ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀ ਸਰੀਰਕ ਸਹਿਣਸ਼ਕਤੀ ਅਤੇ ਦਿਲ ਦੀ ਕਾਰਜਸ਼ੈਲੀ ਕਮਜ਼ੋਰ ਪਾਈ ਗਈ।

6 ਮਹੀਨਿਆਂ ਤੱਕ ਚੱਲਿਆ ਅਧਿਐਨ
ਇੰਸਟੀਚਿਊਟ ਆਫ਼ ਕਾਰਡੀਓਲਾਜੀ ਨੇ ਪਿਛਲੇ ਛੇ ਮਹੀਨਿਆਂ ਵਿਚ ਕਰੀਬ 4200 ਲੋਕਾਂ ਦਾ ਮੈਡੀਕਲ ਚੈੱਕਅੱਪ ਦਾ ਅਧਿਐਨ ਕੀਤਾ। ਇਨ੍ਹਾਂ ’ਚ ਵੱਡੀ ਗਿਣਤੀ ਅਜਿਹੇ ਨੌਜਵਾਨਾਂ ਦੀ ਸੀ, ਜੋ ਛਾਤੀ ਵਿਚ ਭਾਰੀਪਨ, ਤੇਜ਼ ਧੜਕਣ, ਸਾਹ ਫੁੱਲਣ, ਬੇਚੈਨੀ ਅਤੇ ਬੀ.ਪੀ. ਵਧਣ ਵਰਗੀਆਂ ਸ਼ਿਕਾਇਤਾਂ ਦੇ ਨਾਲ ਹਸਪਤਾਲ ਪਹੁੰਚੇ ਸਨ। ਸ਼ੁਰੂਆਤੀ ਜਾਂਚ ਵਿਚ ਜ਼ਿਆਦਾਤਰ ਲੋਕਾਂ ਦੀ ਰਿਪੋਰਟ ਨਾਰਮਲ ਆਈ, ਪਰ ਜਦੋਂ ਉਨ੍ਹਾਂ ਦੀ ਫਿਟਨੈੱਸ ਅਤੇ ਦਿਲ ਦੀ ਸਮਰੱਥਾ ਪਰਖਣ ਲਈ ਟ੍ਰੈੱਡਮਿਲ ਟੈਸਟ ਕਰਵਾਇਆ ਗਿਆ ਤਾਂ ਕਈ ਨੌਜਵਾਨ ਕੁਝ ਹੀ ਮਿੰਟਾਂ ’ਚ ਥੱਕ ਗਏ। ਮਾਹਰਾਂ ਦਾ ਕਹਿਣਾ ਹੈ ਕਿ ਨਾਰਮਲ ਮੈਡੀਕਲ ਰਿਪੋਰਟ ਦਾ ਮਤਲਬ ਹਮੇਸ਼ਾ ਬਿਹਤਰ ਫਿਟਨੈੱਸ ਨਹੀਂ ਹੁੰਦਾ।

ਖ਼ੁਦ ਨੂੰ ਫਿੱਟ ਸਮਝਣ ਵਾਲੇ ਵੀ ਨਿਕਲੇ ਕਮਜ਼ੋਰ
ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਕਿ ਕਈ ਅਜਿਹੇ ਲੋਕ, ਜੋ ਖ਼ੁਦ ਨੂੰ ਪੂਰੀ ਤਰ੍ਹਾਂ ਫਿੱਟ ਮੰਨਦੇ ਸਨ, ਉਹ ਵੀ ਟੀ.ਐੱਮ.ਟੀ. ਵਿਚ ਖ਼ਰਾਬ ਪ੍ਰਦਰਸ਼ਨ ਕਰ ਬੈਠੇ। ਮਾਹਰਾਂ ਅਨੁਸਾਰ ਇਕ ਫਿੱਟ ਵਿਅਕਤੀ ਨੂੰ ਘੱਟੋ-ਘੱਟ 8 ਤੋਂ 12 ਮਿੰਟ ਤੱਕ ਟ੍ਰੈੱਡਮਿਲ ਟੈਸਟ ਆਰਾਮ ਨਾਲ ਪੂਰਾ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ, ਪਰ ਵੱਡੀ ਗਿਣਤੀ ’ਚ ਨੌਜਵਾਨ 5 ਮਿੰਟ ਵੀ ਪੂਰੇ ਨਹੀਂ ਕਰ ਸਕੇ।

ਬਦਲਦੀ ਜੀਵਨਸ਼ੈਲੀ ਸਭ ਤੋਂ ਵੱਡਾ ਕਾਰਨ
ਮਾਹਰਾਂ ਦਾ ਮੰਨਣਾ ਹੈ ਕਿ ਨੌਜਵਾਨਾਂ ਦੀ ਖ਼ਰਾਬ ਰੁਟੀਨ ਇਸ ਸਮੱਸਿਆ ਦੀ ਮੁੱਖ ਵਜ੍ਹਾ ਬਣ ਰਹੀ ਹੈ। ਦੇਰ ਰਾਤ ਤੱਕ ਜਾਗਣਾ, ਲੰਮੇ ਸਮੇਂ ਤੱਕ ਮੋਬਾਈਲ ਅਤੇ ਲੈਪਟਾਪ ’ਤੇ ਕੰਮ ਕਰਨਾ, ਤਣਾਅ, ਫਾਸਟ ਫੂਡ ਦਾ ਵਧਦਾ ਚਲਣ ਅਤੇ ਰੋਜ਼ਾਨਾ ਕਸਰਤ ਤੋਂ ਦੂਰੀ ਨੌਜਵਾਨਾਂ ਦੀ ਫਿਟਨੈੱਸ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ। ਡਾਕਟਰਾਂ ਮੁਤਾਬਕ ਮੋਟਾਪਾ ਅਤੇ ਵਧਦਾ ਵਜ਼ਨ ਵੀ ਦਿਲ ਦੀ ਕਾਰਜਸ਼ੈਲੀ ’ਤੇ ਅਸਰ ਪਾ ਰਿਹਾ ਹੈ। ਕਈ ਮਾਮਲਿਆਂ ’ਚ ਵਜ਼ਨ ਨਾਰਮਲ ਦਿਖਣ ਦੇ ਬਾਵਜੂਦ ਸਰੀਰ ਦੀ ਅੰਦਰੂਨੀ ਫਿਟਨੈੱਸ ਕਮਜ਼ੋਰ ਪਾਈ ਗਈ।

ਮਾਹਰਾਂ ਨੇ ਦਿੱਤੀ ਜੀਵਨਸ਼ੈਲੀ ਸੁਧਾਰਨ ਦੀ ਸਲਾਹ
ਦਿਲ ਦੇ ਮਾਹਰਾਂ ਨੇ ਨੌਜਵਾਨਾਂ ਨੂੰ ਰੋਜ਼ਾਨਾ ਘੱਟੋ-ਘੱਟ 30 ਤੋਂ 45 ਮਿੰਟ ਪੈਦਲ ਚੱਲਣ ਜਾਂ ਕਾਰਡੀਓ ਐਕਸਰਸਾਈਜ਼ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਪੂਰੀ ਨੀਂਦ ਲੈਣ, ਤਣਾਅ ਘਟਾਉਣ ਅਤੇ ਸੰਤੁਲਿਤ ਖਾਣ-ਪੀਣ ਅਪਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇ ਸਮਾਂ ਰਹਿੰਦੇ ਜੀਵਨਸ਼ੈਲੀ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਘੱਟ ਉਮਰ ਵਿਚ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਖ਼ਤਰਾ ਹੋਰ ਵੱਧ ਸਕਦਾ ਹੈ।
 


author

Inder Prajapati

Content Editor

Related News