ਹਰਿਆਣਾ ਦੇ ਘਰਾਂ ’ਚ ਭਰਿਆ ਫੁੱਟ-ਫੁੱਟ ਪਾਣੀ

Saturday, Aug 10, 2019 - 02:03 AM (IST)

ਹਰਿਆਣਾ ਦੇ ਘਰਾਂ ’ਚ ਭਰਿਆ ਫੁੱਟ-ਫੁੱਟ ਪਾਣੀ

ਹਰਿਆਣਾ, (ਰੱਤੀ)- ਕਸਬਾ ਹਰਿਆਣਾ ਦਾ ਕਾਫੀ ਹਿੱਸਾ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪ੍ਰਭਾਵਿਤ ਹੁੰਦਾ ਹੈ ਅਤੇ ਹਰ ਬਰਸਾਤ ’ਚ ਘਰਾਂ ਤੇ ਦੁਕਾਨਾਂ ਅੰਦਰ ਫੁੱਟ-ਫੁੱਟ ਪਾਣੀ ਭਰ ਜਾਂਦਾ ਹੈ। ਮੀਂਹ ਪੈਣ ਨਾਲ ਕਸਬੇ ਦੇ ਪਹਾਡ਼ੀ ਗੇਟ, ਦਿੱਲੀ ਗੇਟ, ਮਹੰਤ ਮਾਰਕੀਟ, ਪੁੱਤਰੀ ਪਾਠਸ਼ਾਲਾ ਆਦਿ ਇਲਾਕੇ ਮੀਂਹ ਦੇ ਪਾਣੀ ’ਚ ਡੁੱਬੇ ਨਜ਼ਰ ਆਉਂਦੇ ਹਨ।

ਜਾਣਕਾਰੀ ਦਿੰਦੇ ਹੋਏ ਰਾਜਪੂਤ ਸਭਾ ਹਰਿਆਣਾ ਦੇ ਪ੍ਰਧਾਨ ਵਿਨੋਦ ਠਾਕੁਰ ਅਤੇ ਮਹੰਤ ਮਾਰਕੀਟ ਦੇ ਦੁਕਾਨਦਾਰਾਂ ਸੁਖਵਿੰਦਰ ਰਿਆਡ਼, ਨਰਿੰਦਰ ਪਾਲ ਸ਼ਰਮਾ, ਸੁਨੀਲ ਵਰਮਾ, ਸ਼ਿਵ ਕੁਮਾਰ, ਲਲਿਤ, ਸੁਧੀਰ ਖੋਸਲਾ, ਗਗਨ ਸੈਣੀ, ਅਨੀਸ ਸਲਮਾਨੀ ਆਦਿ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਹਰ ਮੀਂਹ ਉਨ੍ਹਾਂ ਲਈ ਸਜ਼ਾ ਬਣ ਚੁੱਕਾ ਹੈ ਕਿਉਂਕਿ ਦੁਕਾਨਾਂ ਅੰਦਰ ਪਾਣੀ ਦਾਖਲ ਹੋਣ ਨਾਲ ਕਾਫੀ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਵੱਲੋਂ ਕਸਬੇ ਦੇ ਨਾਲੇ ਸਾਫ ਕਰਵਾਉਣ ਦੀ ਮੁਹਿੰਮ ਛੇਡ਼ੀ ਗਈ ਸੀ ਪਰ ਉਕਤ ਮੁਹੱਲੇ ਅਤੇ ਮਾਰਕੀਟ ਦੀ ਨਿਕਾਸੀ ਵਾਲਾ ਨਾਲਾ ਜੋ ਦੁਕਾਨਦਾਰਾਂ ਵੱਲੋਂ ਪੂਰੀ ਤਰ੍ਹਾਂ ਕਵਰ ਕੀਤਾ ਗਿਆ ਹੈ, ਪਿਛਲੇ ਕਾਫੀ ਸਮੇਂ ਤੋਂ ਸਾਫ਼ ਨਹੀਂ ਹੋਇਆ, ਜਿਸ ਦਾ ਖਮਿਆਜ਼ਾ ਅਸੀਂ ਭੁਗਤ ਰਹੇ ਹਾਂ। ਇਸ ਸਬੰਧੀ ਦਰਜਨਾਂ ਵਾਰ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਗਈ ਪਰ ਸਮੱਸਿਆ ਬਰਕਰਾਰ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਉਹ ਨੁਕਸਾਨ ਕਰਵਾ-ਕਰਵਾ ਕੇ ਅੱਕ ਗਏ ਹਨ ਅਤੇ ਮਜਬੂਰਨ ਸੰਘਰਸ਼ ਦਾ ਰਸਤਾ ਅਪਨਾਉਣ ਲਈ ਮਜਬੂਰ ਹੋਣਗੇ।


author

Bharat Thapa

Content Editor

Related News