ਵੋਟਰਾਂ ਨੇ ਕਾਂਗਰਸ ਦੇ ਹੱਕ ''ਚ ਦਿੱਤਾ ਫਤਵਾ : ਬਾਜਵਾ
Friday, Feb 10, 2017 - 09:44 AM (IST)

ਬਟਾਲਾ, (ਬੇਰੀ) - ਵਿਧਾਨ ਸਭਾ ਹਲਕਾ ਕਾਦੀਆਂ ਦੇ ਵੋਟਰਾਂ ਤੇ ਸਪੋਰਟਰਾਂ ਨੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇ ਕੇ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ''ਚ ਕੋਈ ਕਸਰ ਬਾਕੀ ਨਹੀਂ ਛੱਡੀ, ਇਸੇ ਤਰ੍ਹਾਂ ਹੁਣ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜੇ ਵੀ ਕਾਂਗਰਸ ਦੇ ਹੱਕ ਵਿਚ ਹੋਣਗੇ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਫਤਿਹਜੰਗ ਸਿੰਘ ਬਾਜਵਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਰੁਝਾਨ ਕਾਂਗਰਸ ਪਾਰਟੀ ਦੇ ਹੱਕ ਵਿਚ ਦੇਖ ਕੇ ਜਿਥੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋਈ ਸੀ, ਉਥੇ ਨਾਲ ਹੀ ਲੋਕਾਂ ਨੇ ਇਨ੍ਹਾਂ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਤੇ ਆਮ ਆਦਮੀ ਪਾਰਟੀ ਨੂੰ ਮੁੱਢੋਂ ਨਕਾਰਦਿਆਂ ਕਾਂਗਰਸ ਪਾਰਟੀ ਹਿਤੈਸ਼ੀ ਹੋਣ ਦਾ ਪ੍ਰਮਾਣ ਦਿੱਤਾ ਹੈ, ਜਿਸ ਤੋਂ ਇਕ ਗੱਲ ਸਾਫ ਹੋ ਗਈ ਹੈ ਕਿ ਲੋਕ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਦੇਖਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ, ਜੋ ਦੇਸ਼ ਵਾਸੀਆਂ ਦਾ ਦੁੱਖ-ਦਰਦ ਸਮਝਦੀ ਹੈ ਜਦਕਿ ਅਕਾਲੀ-ਭਾਜਪਾ ਗਠਜੋੜ ਨੇ ਆਪਣੇ 10 ਸਾਲਾਂ ਦੇ ਸ਼ਾਸਨਕਾਲ ਵਿਚ ਪੰਜਾਬੀਆਂ ਦਾ ਭਲਾ ਕਰਨ ਦੀ ਬਜਾਏ, ਉਨ੍ਹਾਂ ਨੂੰ ਰੱਜ ਕੇ ਲਤਾੜਿਆ ਹੈ ਅਤੇ ਵਿਸ਼ੇਸ਼ ਕਰ ਕੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ ਹੈ। ਫਤਿਹ ਬਾਜਵਾ ਨੇ ਕਿਹਾ ਕਿ 11 ਮਾਰਚ ਦਾ ਚੋਣ ਨਤੀਜਾ ਅਕਾਲੀ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗਾ।