YouTube ਚੈਨਲ ਵਾਲਿਆਂ ਦੀ ਮੌਜ, ਕੰਪਨੀ ਦੇ ਇਕ ਫੈਸਲੇ ਨੇ ਪਟਲ ਦਿੱਤੀ ਪੂਰੀ ਗੇਮ
06/03/2023 6:36:07 PM

ਗੈਜੇਟ ਡੈਸਕ- ਯੂਟਿਊਬ ਫਰਜ਼ੀ ਵੀਡੀਓ ਅਤੇ ਖਬਰਾਂ ਦਾ ਪ੍ਰਮੁੱਖ ਅੱਡਾ ਹੋ ਗਿਆ ਹੈ ਪਰ ਹੁਣ ਕੰਪਨੀ ਨੇ ਇਸਨੂੰ ਉਤਸ਼ਾਹ ਦੇਣ ਲਈ ਇਕ ਵੱਡਾ ਫੈਸਲਾ ਲਿਆ ਹੈ। ਯੂਟਿਊਬ ਨੇ ਕਿਹਾ ਹੈ ਕਿ ਉਹ ਹੁਣ ਚੋਣਾਂ ਨੂੰ ਲੈ ਕੇ ਗਲਤ ਅਤੇ ਅਫਵਾਹ ਫੈਲਾਉਣ ਵਾਲੀਆਂ ਵੀਡੀਓ ਨੂੰ ਨਹੀਂ ਹਟਾਏਗਾ। ਯੂਟਿਊਬ ਨੇ ਇਹ ਫੈਸਲਾ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਯੂਟਿਊਬ 'ਤੇ ਅਪਲੋਡ ਕੀਤੀਆਂ ਗਈਆਂ ਵੀਡੀਓ ਨੂੰ ਲੈ ਕੇ ਸੁਣਾਇਆ ਗਿਆ ਹੈ। ਨਵਾਂ ਫੈਸਲਾ ਯੂਟਿਊਬ ਦੀ ਚੋਣ ਸੰਬੰਧੀ ਗਲਤ ਸੂਚਨਾ ਨੀਤੀ ਦਾ ਹਿੱਸਾ ਹੈ। ਯੂਟਿਊਬ ਦੇ ਇਸ ਫੈਸਲੇ ਤੋਂ ਬਾਅਦ ਚੋਣਾਂ ਸੰਬੰਧੀ ਪੁਰਾਣੀਆਂ ਫਰਜ਼ੀ ਵੀਡੀਓ ਫਿਰ ਤੋਂ ਅਪਲੋਡ ਹੋ ਸਕਦੀਆਂ ਹਨ।
ਯੂਟਿਊਬ ਨੇ ਇਕ ਬਲਾਗ ਪੋਸਟ 'ਚ ਕਿਹਾ ਕਿ ਮੌਜੂਦਾ ਸਮੇਂ 'ਚ ਸਾਨੂੰ ਲਗਦਾ ਹੈ ਕਿ ਇਸ ਸਮੱਗਰੀ ਨੂੰ ਹਟਾਉਣ ਨਾਲ ਕੁਝ ਗਲਤ ਸੂਚਨਾਵਾਂ 'ਤੇ ਰੋਕ ਲੱਗਦੀ ਹੈ, ਰਾਜਨੀਤਿਕ ਭਾਸ਼ਣ ਨੂੰ ਘੱਟ ਕਰਨ ਦਾ ਅਣਇੱਛਤ ਪ੍ਰਭਾਵ ਵੀ ਹੋ ਸਕਦਾ ਹੈ। ਇਤਰਾਜ਼ਯੋਗ ਭਾਸ਼ਾ, ਉਤਪੀੜਨ ਅਤੇ ਹਿੰਸਾ ਲਈ ਉਕਸਾਉਣ ਦੇ ਖਿਲਾਫ ਉਸਦੀਆਂ ਬਾਕੀ ਨੀਤੀਆਂ ਚੋਣਾਂ ਸਣੇ ਸਾਰੇ ਉਪਯੋਗਕਰਤਾ ਸਮੱਗਰੀ 'ਤੇ ਲਾਗੂ ਰਹਿਣਗੀਆਂ।
ਦੱਸ ਦੇਈਏ ਕਿ ਟਵਿਟਰ ਅਤੇ ਮੇਟਾ ਦੇ ਪਲੇਟਫਾਰਮ ਫੇਸਬੁੱਕ 'ਤੇ ਵੀ ਚੋਣਾਂ ਦੌਰਾਨ ਗਲਤ ਸੂਚਨਾਵਾਂ ਦਾ ਹੜ੍ਹ ਆ ਜਾਂਦਾ ਹੈ ਪਰ ਜਿਸ ਤਰ੍ਹਾਂ ਦਾ ਫੈਸਲਾ ਯੂਟਿਊਬ ਨੇ ਲਿਆ ਹੈ, ਉਸ ਤਰ੍ਹਾਂ ਦਾ ਫੈਸਲਾ ਅਜੇ ਤਕ ਕਿਸੇ ਹੋਰ ਸੋਸ਼ਲ ਪਲੇਟਫਾਰਮ ਨੇ ਨਹੀਂ ਲਿਆ।
ਇਸਤੋਂ ਪਹਿਲਾਂ ਮਾਰਚ 'ਚ ਯੂਟਿਊਬ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੈਨਲ ਤੋਂ ਬੈਨ ਹਟਾਇਆ ਸੀ, ਜਦਕਿ 2021 'ਚ ਅਮਰੀਕਾ 'ਚ ਇਕ ਹਿੰਸਾ ਤੋਂ ਬਾਅਦ ਟਰੰਪ ਦੇ ਚੈਨਲ ਨੂੰ ਹਮੇਸ਼ਾ ਲਈ ਬੈਨ ਕੀਤਾ ਗਿਆ ਸੀ। ਯੂਟਿਊਬ ਨੇ ਉਸ ਦੌਰਾਨ ਬੈਨ ਨੂੰ ਲੈ ਕੇ ਕਿਹਾ ਸੀ ਕਿ ਟਰੰਪ ਨੇ ਯੂਟਿਊਬ ਦੀ ਪਾਲਿਸੀ ਦਾ ਉਲੰਘਣ ਕੀਤਾ ਹੈ।