ਸ਼ਾਓਮੀ ਗਾਹਕਾਂ ਨੂੰ ਝੂਠਾ ਦਾਅਵਾ ਕਰਕੇ ਵੇਚ ਰਹੀ ਸੀ ਫੋਨ, ਕੰਪਨੀ ’ਤੇ ਲੱਗਾ ਭਾਰੀ ਜੁਰਮਾਨਾ
Wednesday, Dec 29, 2021 - 04:29 PM (IST)
ਗੈਜੇਟ ਡੈਸਕ– ਸ਼ਾਓਮੀ ਭਾਰਤ ਦਾ ਨੰਬਰ-1 ਸਮਾਰਟਫੋਨ ਬ੍ਰਾਂਡ ਹੈ। ਨਾਲ ਹੀ ਦੁਨੀਆ ਦੀਆਂ ਦਿੱਗਜ ਟੈੱਕ ਕੰਪਨੀਆਂ ’ਚ ਸ਼ਾਮਲ ਹੈ। ਭਾਰਤ ਤੋਂ ਦੂਰ ਚੀਨ ’ਚ ਸ਼ਾਓਮੀ ’ਤੇ ਗਾਹਕਾਂ ਨਾਲ ਫਰਾਡ ਮਾਮਲੇ ’ਚ ਜੁਰਮਾਨਾ ਲਗਾਇਆ ਗਿਆ ਹੈ। ਦਰਅਸਲ, ਸ਼ਾਓਮੀ ਨੂੰ ਗਲਤ ਦਾਅਵਾ ਕਰਕੇ ਫੋਨ ਵੇਚਣ ਦਾ ਦੋਸ਼ੀ ਪਾਇਆ ਗਿਆ ਹੈ। ਇਸ ਮਾਮਲੇ ’ਚ ਸ਼ਾਓਮੀ ’ਤੇ ਕਰੀਬ ਢਾਈ ਲੱਖ ਰੁਪਏ ਤੋਂ ਜ਼ਿਆਦਾ ਦਾ ਜੁਰਮਾਨਾ ਲਗਾਇਆ ਗਿਆ ਹੈ। Gizmochina ਨੇ ITHome ਦੇ ਹਵਾਲੇ ਤੋਂ ਦੱਸਿਆ ਹੈ ਕਿ ਪੀਪੁਲਸ ਰਿਪਬਲਿਕ ਆਫ ਚਾਈਨਾ ਦੇ ਮਾਰਕੀਟ ਸੁਪਰਵਿਜ਼ਨ ਡਿਪਾਰਟਮੈਂਟ ਨੇ ਇਸ ਕੰਪਨੀ ’ਤੇ ਵਿਗਿਆਪਨ ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ੀ ਪਾਇਆ ਹੈ।
ਗਾਹਕਾਂ ਨਾਲ ਫਰਾਡ ਕਰਨ ਦਾ ਹੈ ਦੋਸ਼
ਅਜਿਹਾ ਦੋਸ਼ ਹੈ ਕਿ ਸ਼ਾਓਮੀ ਨੇ ਟੀਮਾਲ ਨਾਂ ਦੀ ਇਕ ਸ਼ਾਪਿੰਗ ਸਾਈਟ ’ਤੇ ਆਪਣੇ ਮੋਬਾਇਲ ਫੋਨ Redmi K30 5G ਦਾ ਵਿਗਿਆਪਨ ਚਲਾਇਆ। ਇਸ ਪ੍ਰਮੋਸ਼ਨ ਵਿਗਿਆਪਨ ’ਚ ਦਾਅਵਾ ਕੀਤਾ ਗਿਆ ਹੈ ਕਿ Redmi K30 5G ਸਮਾਰਟਫੋਨ ’ਚ ਸੈਮਸੰਗ ਕੰਪਨੀ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਪਰ ਅਸਲ ’ਚ Redmi K30 5G ਸਮਾਰਟਫੋਨ ’ਚ ਅਮੋਲੇਡ ਦੀ ਥਾਂ ਐੱਲ.ਸੀ.ਡੀ. ਡਿਸਪਲੇਅ ਪੈਨਲ ਦਿੱਤਾ ਗਿਆ ਸੀ। ਸ਼ਾਓਮੀ ਨੇ ਮਾਮਲੇ ’ਚ ਆਪਣੀ ਗਲਤੀ ਮੰਨ ਲਈ ਹੈ। ਨਾਲ ਹੀ ਇਸ ਨੂੰ ਇਕ ਮਨੁੱਖੀ ਭੁੱਲ ਕਰਾਰ ਦਿੱਤਾ ਹੈ।