ਦੁਨੀਆ ਦਾ ਸਭ ਤੋਂ ਛੋਟਾ 360 ਡਿਗਰੀ ਕੈਮਰਾ
Monday, Jul 25, 2016 - 10:23 AM (IST)
ਜਲੰਧਰ : ਟੈਕਨਾਲੋਜੀ ਦੇ ਖੇਤਰ ਵਿਚ ਹਰ ਦਿਨ ਕੋਈ ਨਾ ਕੋਈ ਨਵਾਂ ਸਮਾਰਟਫੋਨ, ਟੈਬਲੇਟ, ਲੈਪਟਾਪ ਅਤੇ ਕੈਮਰਾ ਲਾਂਚ ਹੋ ਰਿਹਾ ਹੈ ਪਰ ਇਸ ਵਿਚ ਕੁਝ ਡਿਵਾਈਸਿਜ਼ ਵਿਚ ਖਾਸ ਫੀਚਰਸ ਹੁੰਦੇ ਹਨ, ਜੋ ਇਨ੍ਹਾਂ ਨੂੰ ਹੋਰਾਂ ਤੋਂ ਵੱਖ ਬਣਾਉਂਦੇ ਹਨ। ਹੁਣ ਹਾਲ ਹੀ ''ਚ ਪੇਸ਼ ਕੀਤੇ ਗਏ ਇਸ ਕੈਮਰੇ ਨੂੰ ਹੀ ਲੈ ਲਓ, ਜੋ ਦੁਨੀਆ ਦਾ ਸਭ ਤੋਂ ਛੋਟਾ ਕੈਮਰਾ ਹੈ। ਇਸ ਦਾ ਨਾਂ ''ਨਿਕੋ360'' ਹੈ ਅਤੇ ਇਹ ਕਾਂਪੈਕਟ ਅਤੇ ਵਾਟਰ ਰਜ਼ਿਸਟੈਂਸ 360 ਡਿਗਰੀ ਕੈਮਰਾ ਹੈ।
ਬਿਲਟ-ਇਨ ਸੈਂਸਰਸ
ਇਸ ਛੋਟੇ ਕੈਮਰੇ ਵਿਚ ਅੱਗੇ ਅਤੇ ਪਿੱਛੇ ਵੱਲ ਡਿਊਲ ਲੈਨਜ਼ ਲੱਗੇ ਹਨ ਅਤੇ ਇਹ ਲਾਈਵ ਸਟ੍ਰੀਮਿੰਗ ਦੀ ਸਹੂਲਤ ਵੀ ਦਿੰਦਾ ਹੈ। ਰਿਕੋ ਥੀਟਾ ਐੱਸ, ਨਿਕਾਨ ਕੀ-ਮਿਸ਼ਨ 360 ਅਤੇ ਸੈਮਸੰਗ ਗਿਅਰ 360 ਦੀ ਤਰ੍ਹਾਂ ਹੀ ਨਿਕੋ360 ਵੀ ਇਕ ਸਮੇਂ ਵਿਚ ਦੋ ਦਿਸ਼ਾਵਾਂ ਦੀ ਵੀਡੀਓ ਕੈਪਚਰ ਕਰ ਸਕਦਾ ਹੈ। ਇਸ ਵਿਚ ਦੋ 16 ਮੈਗਾਪਿਕਸਲ ਸੈਂਸਰ ਲੱਗੇ ਹਨ ਅਤੇ ਅਲਟ੍ਰਾ ਵਾਈਡ ਐਂਗਲ ਐੱਫ2 ਲੈਨਜ਼ ਲੱਗੇ ਹਨ ਅਤੇ ਹਰ ਇਕ ਲੈਨਜ਼ 195 ਡਿਗਰੀ ਫੀਲਡ ਆਫ ਵਿਊ (ਵੀ. ਓ. ਐੱਫ.) ਦੇ ਨਾਲ ਆਉਂਦਾ ਹੈ।
ਇਮੇਜ ਅਤੇ ਵੀਡੀਓ ਕੁਆਲਿਟੀ
ਇਸ ਕੈਮਰੇ ਦੀ ਸੈੱਟਅਪ ਦੀ ਮਦਦ ਨਾਲ ਯੂਜ਼ਰ 25 ਮੈਗਾਪਿਕਸਲ ਰੈਜ਼ੋਲਿਊਸ਼ਨ ਵਿਚ ਫੋਟੋਗ੍ਰਾਫੀ ਕਰ ਸਕਦੇ ਹਨ। ਇਸ ਦੇ ਨਾਲ ਹੀ 30 ਫ੍ਰੇਮਜ਼ ਪ੍ਰਤੀ ਸੈਕੇਂਡ ''ਤੇ 2560x1440 ਪਿਕਸਲ ਰੈਜ਼ੋਲਿਊਸ਼ਨ ਉੱਤੇ ਵੀਡੀਓ ਸ਼ੂਟ ਵੀ ਕੀਤੀ ਜਾ ਸਕਦੀ ਹੈ । ਜਿਥੋਂ ਤੱਕ ਹੋਰ ਫੀਚਰਸ ਦੀ ਗੱਲ ਹੈ ਤਾਂ 360 ਡਿਗਰੀ ਵੀਡੀਓ ਮੋਡਸ ਵਿਚ ਫਲੈਟ, ਸਫਿਅਰ, ਪਲੈਨੇਟ ਤੇ ਵੀ. ਆਰ. ਦੇ ਨਾਲ ਬਿਲਟ-ਇਨ ਸਟਿਚਿੰਗ ਦੀ ਪੇਸ਼ਕਸ਼ ਕੀਤੀ ਗਈ ਹੈ।
ਲਾਈਵ ਸਟ੍ਰੀਮਿੰਗ ਅਤੇ ਐਪ ਸਪੋਰਟ
ਬਿਲਟ-ਇਨ ਵਾਈ-ਫਾਈ ਅਤੇ ਬਲੂਟੁਥ ਦੀ ਮਦਦ ਨਾਲ ਫੇਸਬੁਕ, ਯੂ-ਟਿਊਬ, ਨਿਕੋ360 ਲਾਈਵ ਆਦਿ ''ਤੇ ਲਾਈਵ ਸਟ੍ਰੀਮਿੰਗ ਕਰਦੇ ਸਮੇਂ ਮਦਦ ਮਿਲੇਗੀ। ਇਹ ਕੈਮਰਾ ਆਈ. ਓ. ਐੱਸ. ਤੇ ਐਂਡ੍ਰਾਇਡ ਐਪ ਨਾਲ ਵੀ ਕੰਪੈਟੇਬਲ ਹੈ।
ਹੋਰ ਫੀਚਰਜ਼
ਸਾਈਜ਼ ਦੀ ਗੱਲ ਕਰੀਏ ਤਾਂ ਇਹ ਕੈਮਰਾ 46x46x28 ਐੱਮ. ਐੱਮ. (ਲੰਬਾਈ, ਚੌੜਾਈ ਅਤੇ ਉਚਾਈ) ਦੇ ਨਾਲ ਆਵੇਗਾ । ਇਸ ਦਾ ਭਾਰ ਸਿਰਫ਼ 109 ਗ੍ਰਾਮ ਹੈ ਜਿਸ ਨਾਲ ਕਿਤੇ ਲਿਜਾਣ ਵਿਚ ਵੀ ਆਸਾਨੀ ਹੋਵੇਗੀ। ਇਸ ਦੇ ਇਲਾਵਾ ਇਸ ਵਿਚ ਸਪਲੈਸ਼ ਪਰੂਫ ਵਾਟਰ ਰਜ਼ਿਸਟੈਂਸ, ਮੋਸ਼ਨ ਡਾਟਾ ਕੈਪਚਰ, ਜਿਸ ਵਿਚ ਐਕਸਲਰੇਸ਼ਨ, ਰੋਟੇਸ਼ਨ ਐਂਡ ਜੀ-ਫੋਰਸ ਸ਼ਾਮਿਲ ਹੈ। ਕੈਮਰੇ ਵਿਚ 32 ਜੀ.ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ ਵਧਾਇਆ ਵੀ ਜਾ ਸਕਦਾ ਹੈ । ਇਸ ਤੋਂ ਖਿੱਚੀ ਗਈ ਇਮੇਜ ਜੇ. ਪੀ. ਈ. ਜੀ. ਅਤੇ ਐਡੋਬ ਰਾਅ/ਡੀ. ਐੱਨ. ਜੀ. ਫਾਈਲਸ ਵਿਚ ਸਟੋਰ ਕਰ ਸਕਦੇ ਹਨ ।
ਕੀਮਤ ਅਤੇ ਉਪਲੱਬਧਤਾ
ਕਰਾਊਡ ਫੰਡਿੰਗ ਵੈੱਬਸਾਈਟ ਇੰਡੀਗੋਗੋ ''ਤੇ ਨਿਕੋ360 ਨੇ ਫੰਡਿਗ ਟਾਰਗੇਟ ਨੂੰ ਪੂਰਾ ਕਰ ਲਿਆ ਹੈ। ਫਿਲਹਾਲ ਇਸ ਦੀ ਕੀਮਤ 129 ਅਮਰੀਕੀ ਡਾਲਰ (ਲਗਭਗ 8,660 ਰੁਪਏ) ਹੈ ਪਰ ਇਸ ਦੀ ਰਿਟੇਲ ਕੀਮਤ 149 ਡਾਲਰ (ਲਗਭਗ 10,000 ਰੁਪਏ) ਹੋਵੇਗੀ। ਇਸ ਦੀ ਸ਼ਿਪਿੰਗ ਇਸ ਸਾਲ ਅਕਤੂਬਰ ਮਹੀਨੇ ਤੱਕ ਸ਼ੁਰੂ ਹੋ ਸਕਦੀ ਹੈ।
