WhatsApp Web ਲਈ ਆ ਰਿਹੈ ਫਿੰਗਰਪ੍ਰਿੰਟ ਸਕਿਓਰਿਟੀ ਫੀਚਰ, ਇੰਝ ਕਰੇਗਾ ਕੰਮ

09/18/2020 3:57:28 PM

ਗੈਜੇਟ ਡੈਸਕ– ਆਪਣੇ ਲੈਪਟਾਪ ਜਾਂ ਡੈਸਕਟਾਪ ’ਤੇ ਵਟਸਐਪ ਦੀ ਵਰਤੋਂ ਕਰਨ ਲਈ ਆਮਤੌਰ ’ਤੇ ਯੂਜ਼ਰਸ ਨੂੰ ਮੋਬਾਇਲ ਨਾਲ QR ਕੋਡ ਸਕੈਨ ਕਰਕੇ ਹੀ ਲਾਗ-ਇਨ ਕਰਨਾ ਪੈਂਦਾ ਹੈ। ਇਹ ਤਰੀਕਾ ਥੋੜ੍ਹਾ ਜਿਹਾ ਸਮਾਂ ਲੈਂਦਾ ਹੈ ਅਤੇ ਇਸ ਲਈ ਤੁਹਾਡਾ ਫੋਨ ਵੀ ਕੋਲ ਹੋਣਾ ਜ਼ਰੂਰੀ ਹੈ। ਹਾਲਾਂਕਿ, ਜਲਦ ਹੀ ਇਹ ਪ੍ਰਕਿਰਿਆ ਬਦਲਣ ਜਾ ਰਹੀ ਹੈ। ਇਕ ਰਿਪੋਰਟ ਦੀ ਮੰਨੀਏ ਤਾਂ ਯੂਜ਼ਰਸ ਕੁਝ ਦਿਨਾਂ ਬਾਅਦ ਬਸ ਫਿੰਗਰਪ੍ਰਿੰਟ ਨਾਲ ਹੀ ਡੈਸਕਟਾਪ ’ਤੇ ਵਟਸਐਪ ਲਾਗ-ਇਨ ਕਰ ਸਕਣਗੇ। 

WABetaInfo ਮੁਤਾਬਕ, ਵਟਸਐਪ ਆਪਣੇ ਮੈਸੇਜਿੰਗ ਐਪ ਦੇ ਨਵੇਂ ਐਂਡਰਾਇਡ ਬੀਟਾ (2.20.200) ਵਰਜ਼ਨ ’ਤੇ ਫਿੰਗਰਪ੍ਰਿੰਟ ਲਾਗਇਨ ਸਿਸਟਮ ਦੀ ਟੈਸਟਿੰਗ ਕਰ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਫੀਚਰ QR ਕੋਡ ਇੰਟਰਫੇਸ ਦੀ ਤਰ੍ਹਾਂ ਹੀ ਕੰਮ ਕਰੇਗਾ। 

PunjabKesari

ਇੰਝ ਕੰਮ ਕਰੇਗਾ ਇਹ ਫੀਚਰ
ਦਰਅਸਲ, ਫਿਲਹਾਲ QR ਕੋਡ ਸਕੈਨ ਰਾਹੀਂ ਵਟਸਐਪ ਪ੍ਰਮਾਣਿਤ ਕਰਦਾ ਹੈ ਕਿ ਡੈਸਕਟਾਪ ’ਤੇ ਤੁਸੀਂ ਹੀ ਉਸ ਨੂੰ ਇਸਤੇਮਾਲ ਕਰ ਰਹੇ ਹੋ। ਇਸੇ ਤਰ੍ਹਾਂ ਹੁਣ ਫਿੰਗਰਪ੍ਰਿੰਟ ਸਕੈਨਿੰਗ ਰਾਹੀਂ ਤੁਹਾਡੇ ਕੋਲੋਂ ਪ੍ਰਮਾਣਿਕਤਾ ਮੰਗੀ ਜਾਵੇਗੀ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਨਵਾਂ ਪ੍ਰੋਸੈਸ ਜ਼ਿਆਦਾ ਸੁਵਿਧਾਜਨਕ ਹੋਵੇਗਾ। ਹਾਲਾਂਕਿ, ਅਜੇ ਵੀ ਤੁਹਾਡੇ ਕੋਲ ਉਹ ਫੋਨ ਹੋਣਾ ਜ਼ਰੂਰੀ ਹੈ ਜਿਸ ਵਿਚ ਵਟਸਐਪ ਚੱਲ ਰਿਹਾ ਹੈ। 

ਨਵਾਂ ਫੀਚਰ ਆਉਣ ਤੋਂ ਬਾਅਦ ਯੂਜ਼ਰਸ ਨੂੰ QR ਕੋਡ ਸਕੈਨ ਕਰਨ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਨੂੰ ਬਸ ਆਪਣੇ ਸਮਾਰਟਫੋਨ ’ਚ ਫਿੰਗਰਪ੍ਰਿੰਟ ਰਹੀਂ ਲਾਗ-ਇਨ ਕਰਨਾ ਹੋਵੇਗਾ ਜਿਸ ਤੋਂ ਬਾਅਦ ਯੂਜ਼ਰਸ ਵਟਸਐਪ ਵੈੱਬ ਦੀ ਵਰਤੋਂ ਸ਼ੁਰੂ ਕਰ ਸਕਣਗੇ। ਦੱਸ ਦੇਈਏ ਕਿ ਵਟਸਐਪ ਇਸ ਤੋਂ ਇਲਾਵਾ ਮਲਟੀਡਿਵਾਈਸ ਫੀਚਰ ’ਤੇ ਵੀ ਕੰਮ ਕਰ ਰਿਹਾ ਹੈ ਜਿਸ ਰਾਹੀਂ ਯੂਜ਼ਰਸ ਇਕ ਹੀ ਵਟਸਐਪ ਅਕਾਊਂਟ ਨੂੰ ਇਕ ਤੋਂ ਜ਼ਿਆਦਾ ਡਿਵਾਈਸਾਂ ’ਤੇ ਇਸਤੇਮਾਲ ਕਰ ਸਕਣਗੇ। 


Rakesh

Content Editor

Related News