ਟਵਿੱਟਰ ‘ਬਲਿਊ ਟਿੱਕ’ ਸਬਸਕ੍ਰਿਪਸ਼ਨ ਮੁੜ ਸ਼ੁਰੂ ਕਰੇਗਾ
Monday, Dec 12, 2022 - 11:07 AM (IST)

ਗੈਜੇਟ ਡੈਸਕ (ਭਾਸ਼ਾ)– ਟਵਿਟਰ ਇੱਕ ਵਾਰ ਫਿਰ ਆਪਣੀ ‘ਬਲਿਊ ਟਿੱਕ’ ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਮਹੀਨਾ ਪਹਿਲਾਂ ਉਸ ਦੀ ਕੋਸ਼ਿਸ਼ ਅਸਫਲ ਹੋ ਗਈ ਸੀ। ਸੋਸ਼ਲ ਮੀਡੀਆ ਕੰਪਨੀ ਨੇ ਕਿਹਾ ਹੈ ਕਿ ਉਹ ਯੂਜ਼ਰਸ ਨੂੰ ਸੋਮਵਾਰ ਤੋਂ ਟਵਿੱਟਰ ਬਲਿਊ ਦੀ ਸਬਸਕ੍ਰਿਪਸ਼ਨ ਖਰੀਦਣ ਦੀ ਇਜਾਜ਼ਤ ਦੇਵੇਗੀ ਤਾਂ ਜੋ ਬਲਿਊ ਵੈਰੀਫਾਈਡ ਅਕਾਊਂਟ ਅਤੇ ਖਾਸ ਫੀਚਰਸ ਪ੍ਰਾਪਤ ਕੀਤੇ ਜਾ ਸਕਣ।
ਨੀਲੇ ਚੈੱਕਮਾਰਕ ਅਸਲ ਵਿੱਚ ਕੰਪਨੀਆਂ, ਮਸ਼ਹੂਰ ਹਸਤੀਆਂ, ਸਰਕਾਰੀ ਸੰਸਥਾਵਾਂ ਅਤੇ ਪੱਤਰਕਾਰਾਂ ਨੂੰ ਦਿੱਤੇ ਜਾਂਦੇ ਹਨ ਜੋ ਟਵਿੱਟਰ ਰਾਹੀਂ ਪ੍ਰਮਾਣਿਤ ਹੁੰਦੇ ਹਨ। ਅਕਤੂਬਰ ’ਚ 44 ਅਰਬ ਡਾਲਰ ’ਚ ਟਵਿਟਰ ਨੂੰ ਖਰੀਦਣ ਤੋਂ ਬਾਅਦ ਐਲੋਨ ਮਸਕ ਨੇ ਹਰ ਮਹੀਨੇ 8 ਡਾਲਰ ਦੀ ਫੀਸ ’ਤੇ ਕਿਸੇ ਨੂੰ ਵੀ ਬਲਿਊ ਟਿੱਕ ਦੇਣ ਦੀ ਸੇਵਾ ਸ਼ੁਰੂ ਕੀਤੀ ਸੀ ਪਰ ਕੁਝ ਫਰਜ਼ੀ ਯੂਜ਼ਰਸ ਨੇ ਵੀ ਬਲਿਊ ਟਿੱਕ ਹਾਸਲ ਕਰ ਲਏ, ਜਿਸ ਕਾਰਨ ਟਵਿਟਰ ਨੇ ਇਸ ਸੇਵਾ ਨੂੰ ਮੁਅੱਤਲ ਕਰ ਦਿੱਤਾ।
ਹੁਣ ਦੁਬਾਰਾ ਸ਼ੁਰੂ ਕਰਦੇ ਹੋਏ ਇਸ ਸੇਵਾ ਦੀ ਕੀਮਤ ਵੈੱਬ ਖਪਤਕਾਰਾਂ ਲਈ 8 ਡਾਲਰ ਪ੍ਰਤੀ ਮਹੀਨਾ ਅਤੇ ਆਈਫੋਨ ਖਪਤਕਾਰਾਂ ਲਈ 11 ਡਾਲਰ ਪ੍ਰਤੀ ਮਹੀਨਾ ਹੋਵੇਗੀ। ਟਵਿੱਟਰ ਨੇ ਕਿਹਾ ਕਿ ਖਪਤਕਾਰਾਂ ਨੂੰ ਵਿਗਿਆਪਨ ਘਟ ਦੇਖਣ ਨੂੰ ਮਿਲਣਗੇ, ਉਹ ਲੰਬੀ ਵੀਡੀਓ ਪੋਸਟ ਕਰਨ ਦੇ ਯੋਗ ਹੋਣਗੇ ਅਤੇ ਉਨ੍ਹਾਂ ਦੇ ਟਵੀਟਸ ਨੂੰ ਵਧੇਰੇ ਪ੍ਰਮੁੱਖਤਾ ਨਾਲ ਪੇਸ਼ ਕੀਤਾ ਜਾਵੇਗਾ।