ਟ੍ਰਾਈ ਨਾਲ ਦੂਰਸੰਚਾਰ ਕੰਪਨੀਆਂ ਦੀ ਬੈਠਕ ’ਚ ਕਾਲ ਡ੍ਰਾਪ, 5ਜੀ ਮਾਪਦੰਡਾਂ ’ਤੇ ਹੋਵੇਗੀ ਚਰਚਾ
Friday, Feb 03, 2023 - 01:39 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਨੇ 17 ਫਰਵਰੀ ਨੂੰ ਦੂਰਸੰਚਾਰ ਕੰਪਨੀਆਂ ਨਾਲ ਬੈਠਕ ਸੱਦੀ ਹੈ। ਇਸ ਬੈਠਕ ’ਚ ਸੇਵਾ ਦੀ ਗੁਣਵੱਤਾ ’ਚ ਸੁਧਾਰ ਦੇ ਉਪਾਅ, 5ਜੀ ਸੇਵਾਵਾਂ ਲਈ ਮਾਪਦੰਡਾਂ ਅਤੇ ਗੈਰ-ਲੋੜੀਂਦੀ ਕਮਰਸ਼ੀਅਲ ਸੰਚਾਰ ’ਤੇ ਚਰਚਾ ਕੀਤੀ ਜਾਏਗੀ। ਇਹ ਬੈਠਕ ਇਸ ਲਈ ਅਹਿਮ ਹੈ ਕਿਉਂਕਿ ਦੂਰਸੰਚਾਰ ਸੇਵਾ ਦੀ ਗੁਣਵੱਤਾ ’ਚ ਸੁਧਾਰ ਨਾਲ ਕਾਲ ਡ੍ਰਾਪ ਅਤੇ ਖਰਾਬ ਨੈੱਟਵਰਕ ਤੋਂ ਪ੍ਰੇਸ਼ਾਨ ਮੋਬਾਇਲ ਗਾਹਕਾਂ ਨੂੰ ਰਾਹਤ ਮਿਲੇਗੀ।
ਇਹ ਬੈਠਕ ਅਜਿਹੇ ਸਮੇਂ ’ਚ ਹੋਣ ਜਾ ਰਹੀ ਹੈ ਜਦੋਂ ਦੇਸ਼ ਭਰ ’ਚ ਅਤਿ-ਆਧੁਨਿਕ ਤੇਜ਼ ਰਫਤਾਰ ਵਾਲੀਆਂ 5ਜੀ ਸੇਵਾਵਾਂ ਸ਼ੁਰੂ ਹੋ ਰਹੀਆਂ ਹਨ। ਹੁਣ ਤੱਕ ਭਾਰਤ ਦੇ 200 ਤੋਂ ਵੱਧ ਸ਼ਹਿਰਾਂ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਹੋਈ ਹੈ। ਪਿਛਲੇ ਕੁੱਝ ਮਹੀਨਿਆਂ ’ਚ ਸੇਵੀ ਦੀ ਗੁਣਵੱਤਾ ਨਾਲ ਜੁੜੇ ਮੁੱਦੇ ਸੁਰਖੀਆਂ ’ਚ ਰਹੇ ਹਨ। ਦੂਰਸੰਚਾਰ ਵਿਭਾਗ ਨੇ ਦਸੰਬਰ ’ਚ ਕਾਲ ਡ੍ਰਾਪ ਅਤੇ ਸੇਵਾ ਗੁਣਵੱਤਾ ਨਾਲ ਸਬੰਧਤ ਮੁੱਦਿਆਂ ਦੇ ਵਧਦੇ ਮਾਮਲਿਆਂ ’ਤੇ ਚਰਚਾ ਕਰਨ ਲਈ ਸੰਚਾਲਕਾਂ ਨਾਲ ਗੱਲਬਾਤ ਕੀਤੀ ਸੀ।
ਟ੍ਰਾਈ ਨੇ ਕਿਹਾ ਕਿ ਸੇਵਾ ਦੀ ਗੁਣਵੱਤਾ (ਕਿਊ. ਓ. ਐੱਸ.) ’ਚ ਸੁਧਾਰ ਇਕ ਲਗਾਤਾਰ ਚੱਲਣ ਵਾਲੀ ਕਵਾਇਦ ਹੈ। ਇਸ ਲਈ ਖਾਸ ਤੌਰ ’ਤੇ ਤੇਜ਼ ਰਫਤਾਰ ਵਾਲੇ ਨੈੱਟਵਰਕ ਵਿਸਤਾਰ ਅਤੇ 5ਜੀ ਵਰਗੀ ਤਾਜ਼ਾ ਤਕਨੀਕ ਦੀ ਸ਼ੁਰੂਆਤ ਨਾਲ ਮੁਲਾਂਕਣ ਅਤੇ ਨਿਗਰਾਨੀ ਦੀ ਲੋੜ ਹੈ। ਬਿਆਨ ’ਚ ਅੱਗੇ ਕਿਹਾ ਗਿਆ ਕਿ ਇਸ ਸਿਲਸਿਲੇ ’ਚ ਟ੍ਰਾਈ ਨੇ 17 ਫਰਵਰੀ ਨੂੰ ਦੂਰਸੰਚਾਰ ਸਰਵਿਸ ਪ੍ਰੋਵਾਈਡਰਸ ਨਾਲ ਇਕ ਬੈਠਕ ਸੱਦੀ ਹੈ, ਜਿਸ ’ਚ ਕਿਊ. ਓ. ਐੱਸ. ’ਚ ਸੁਧਾਰ ਦੇ ਉਪਾਅ ਅਤੇ ਕਿਊ. ਓ. ਐੱਸ. ਮਾਪਦੰਡਾਂ ਦੀ ਸਮੀਖਿਆ, 5ਜੀ ਸੇਵਾਵਾਂ ਦੇ ਕਿਊ. ਓ. ਐੱਸ. ਅਤੇ ਗੈਰ-ਲੋੜੀਂਦੇ ਕਮਰਸ਼ੀਅਲ ਸੰਚਾਰ ’ਤੇ ਚਰਚਾ ਕੀਤੀ ਜਾਏਗੀ।