AI ਕਾਰਨ ਗਾਹਕਾਂ ਦਾ ਨੁਕਸਾਨ ਹੋਇਆ ਤਾਂ ਟੈਲੀਕੌਮ ਕੰਪਨੀਆਂ ਹੋਣਗੀਆਂ ਜ਼ਿੰਮੇਵਾਰ, TRAI ਦਾ ਵੱਡਾ ਫੈਸਲਾ
Sunday, Nov 01, 2026 - 01:10 AM (IST)
ਨਵੀਂ ਦਿੱਲੀ : ਦੇਸ਼ ਦੇ ਟੈਲੀਕੌਮ ਖੇਤਰ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੀ ਵਧਦੀ ਵਰਤੋਂ ਦਰਮਿਆਨ ਭਾਰਤੀ ਦੂਰਸੰਚਾਰ ਨਿਯਾਮਕ ਅਥਾਰਟੀ (TRAI) ਨੇ ਇੱਕ ਵੱਡਾ ਅਤੇ ਅਹਿਮ ਫੈਸਲਾ ਲਿਆ ਹੈ। ਟਰਾਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਟੈਲੀਕੌਮ ਕੰਪਨੀਆਂ ਦੇ ਨੈੱਟਵਰਕ ਜਾਂ ਸੇਵਾਵਾਂ ਵਿੱਚ ਵਰਤੇ ਜਾ ਰਹੇ ਏ.ਆਈ. ਸਿਸਟਮ ਕਾਰਨ ਕਿਸੇ ਵੀ ਗਾਹਕ ਨੂੰ ਕੋਈ ਨੁਕਸਾਨ ਜਾਂ ਪਰੇਸ਼ਾਨੀ ਹੁੰਦੀ ਹੈ, ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਟੈਲੀਕੌਮ ਕੰਪਨੀਆਂ ਦੀ ਹੀ ਹੋਵੇਗੀ।
ਟਰਾਈ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਅਨੁਸਾਰ, ਰਿਲਾਇੰਸ ਜੀਓ, ਏਅਰਟੈੱਲ ਅਤੇ ਵੋਡਾਫ਼ੋਨ-ਆਈਡੀਆ ਵਰਗੀਆਂ ਕੰਪਨੀਆਂ ਏ.ਆਈ. ਦੀਆਂ ਗਲਤੀਆਂ ਦਾ ਦੋਸ਼ ਕਿਸੇ ਬਾਹਰੀ ਸਾਫ਼ਟਵੇਅਰ ਕੰਪਨੀ ਜਾਂ ਥਰਡ-ਪਾਰਟੀ ਵੈਂਡਰ 'ਤੇ ਨਹੀਂ ਮੜ੍ਹ ਸਕਣਗੀਆਂ। ਏ.ਆਈ. ਸਿਸਟਮ ਚਾਹੇ ਕੰਪਨੀ ਨੇ ਆਪ ਤਿਆਰ ਕੀਤਾ ਹੋਵੇ ਜਾਂ ਬਾਹਰੋਂ ਖ਼ਰੀਦਿਆ ਹੋਵੇ, ਉਸ ਦੇ ਹਰ ਨਤੀਜੇ ਦੀ ਪੂਰੀ ਜਵਾਬਦੇਹੀ ਮੁੱਖ ਟੈਲੀਕੌਮ ਆਪਰੇਟਰ ਦੀ ਹੀ ਹੋਵੇਗੀ।
ਨਵੇਂ ਫ੍ਰੇਮਵਰਕ ਤਹਿਤ ਦੇਸ਼ ਦੀਆਂ ਸਾਰੀਆਂ ਟੈਲੀਕੌਮ ਕੰਪਨੀਆਂ ਨੂੰ ਆਪਣੇ ਬੋਰਡ ਤੋਂ ਮਨਜ਼ੂਰਸ਼ੁਦਾ ਇੱਕ ਵਿਸ਼ੇਸ਼ ਏ.ਆਈ. ਪਾਲਿਸੀ ਬਣਾਉਣੀ ਪਵੇਗੀ। ਇਸ ਦੇ ਨਾਲ ਹੀ ਆਪਣੇ ਨੈੱਟਵਰਕ ਵਿੱਚ ਵਰਤੇ ਜਾਂਦੇ ਏ.ਆਈ. ਸਿਸਟਮਾਂ ਨੂੰ ਉਨ੍ਹਾਂ ਦੇ ਕੰਮ ਦੇ ਆਧਾਰ 'ਤੇ ਤਿੰਨ ਸ਼੍ਰੇਣੀਆਂ— ਹਾਈ ਰਿਸਕ (ਉੱਚ ਜੋਖਮ), ਮੀਡੀਅਮ ਰਿਸਕ (ਮੱਧਮ ਜੋਖਮ) ਅਤੇ ਲੋਅ ਰਿਸਕ (ਘੱਟ ਜੋਖਮ) ਵਿੱਚ ਵੰਡਣਾ ਹੋਵੇਗਾ। ਨੈੱਟਵਰਕ ਟ੍ਰੈਫ਼ਿਕ ਨੂੰ ਸੰਭਾਲਣ ਵਾਲੇ ਵੱਡੇ ਸਾਫ਼ਟਵੇਅਰ ਹਾਈ ਰਿਸਕ ਸ਼੍ਰੇਣੀ ਵਿੱਚ ਆਉਣਗੇ।
ਜੇਕਰ ਕਿਸੇ ਏ.ਆਈ. ਸਿਸਟਮ ਵਿੱਚ ਕੋਈ ਵੱਡੀ ਗੜਬੜੀ ਆਉਂਦੀ ਹੈ, ਤਾਂ ਕੰਪਨੀਆਂ ਲਈ ਨਿਰਧਾਰਿਤ ਸਮੇਂ ਅੰਦਰ ਇਸ ਦੀ ਪੂਰੀ ਰਿਪੋਰਟ ਸਿੱਧੀ ਟਰਾਈ ਨੂੰ ਸੌਂਪਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ, ਹਰੇਕ ਕੰਪਨੀ ਵਿੱਚ ਇੱਕ 'ਏ.ਆਈ. ਗਵਰਨੈਂਸ ਐਂਡ ਸੇਫ਼ਟੀ ਕਮੇਟੀ' ਦਾ ਗਠਨ ਕੀਤਾ ਜਾਵੇਗਾ। ਇਹ ਕਮੇਟੀ ਏ.ਆਈ. ਦੇ ਫੈਸਲਿਆਂ 'ਤੇ ਲਗਾਤਾਰ ਨਜ਼ਰ ਰੱਖੇਗੀ ਅਤੇ ਕਿਸੇ ਗਲਤ ਫੈਸਲੇ ਦੀ ਸੂਰਤ ਵਿੱਚ ਇਨਸਾਨੀ ਦਖਲ ਜ਼ਰੀਏ ਉਸ ਨੂੰ ਤੁਰੰਤ ਠੀਕ ਕਰੇਗੀ।
