WhatsApp ''ਚ ਆਏ 4 ਨਵੇਂ ਵੱਡੇ ਫ਼ੀਚਰ, ਜਾਣੋ ਕੀ-ਕੀ ਹੋਇਆ ਬਦਲਾਅ
Friday, Oct 30, 2026 - 09:10 PM (IST)
ਨਵੀਂ ਦਿੱਲੀ : ਵਟਸਐਪ ਦੀ ਵਰਤੋਂ ਕਰਨ ਵਾਲੇ ਕਰੋੜਾਂ ਯੂਜ਼ਰਾਂ ਲਈ ਕੰਪਨੀ ਨੇ ਇੱਕ ਵੱਡਾ ਨਵਾਂ ਅੱਪਡੇਟ ਜਾਰੀ ਕੀਤਾ ਹੈ। ਇਸ ਵਾਰ ਕੰਪਨੀ ਦਾ ਮੁੱਖ ਫੋਕਸ ਗਰੁੱਪ ਚੈਟਿੰਗ ਦੇ ਅਨੁਭਵ ਨੂੰ ਹੋਰ ਬਿਹਤਰ ਅਤੇ ਸੁਖਾਲਾ ਬਣਾਉਣ 'ਤੇ ਹੈ। ਕੰਪਨੀ ਵੱਲੋਂ ਗਰੁੱਪ ਚੈਟ ਲਈ ਕੁੱਲ ਚਾਰ ਨਵੇਂ ਫ਼ੀਚਰ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹਮੇਸ਼ਾ ਲਈ ਮੈਸੇਜ ਪਿਨ ਕਰਨ, ਨਵੇਂ ਮੈਂਬਰਾਂ ਨਾਲ ਪੁਰਾਣੀ ਚੈਟ ਹਿਸਟਰੀ ਸਾਂਝੀ ਕਰਨ, ਗਰੁੱਪ ਸਟੇਟਸ ਅਤੇ 'ਮੈਂਸ਼ਨਜ਼ ਐਂਡ ਰਿਪਲਾਈਜ਼' ਲਈ ਨਵਾਂ ਫਿਲਟਰ ਸ਼ਾਮਲ ਹੈ।
1. ਜ਼ਰੂਰੀ ਮੈਸੇਜ ਹੁਣ ਹਮੇਸ਼ਾ ਲਈ ਹੋਵੇਗਾ ਪਿਨ
ਪਹਿਲਾਂ ਗਰੁੱਪ ਵਿੱਚ ਕਿਸੇ ਜ਼ਰੂਰੀ ਮੈਸੇਜ ਨੂੰ ਪਿਨ ਕਰਨ ਲਈ 24 ਘੰਟੇ, 7 ਦਿਨ ਜਾਂ 30 ਦਿਨਾਂ ਦੀ ਸਮਾਂ ਸੀਮਾ ਚੁਣਨੀ ਪੈਂਦੀ ਸੀ। ਸਮਾਂ ਪੂਰਾ ਹੋਣ ਤੋਂ ਬਾਅਦ ਮੈਸੇਜ ਆਪੇ ਅਨਪਿਨ ਹੋ ਜਾਂਦਾ ਸੀ। ਪਰ ਨਵੇਂ ਅੱਪਡੇਟ ਤੋਂ ਬਾਅਦ ਇਹ ਸੀਮਾ ਖ਼ਤਮ ਕਰ ਦਿੱਤੀ ਗਈ ਹੈ। ਹੁਣ ਗਰੁੱਪ ਵਿੱਚ ਪਿਨ ਕੀਤਾ ਗਿਆ ਜ਼ਰੂਰੀ ਮੈਸੇਜ ਉਦੋਂ ਤੱਕ ਉੱਪਰ ਦਿਖਾਈ ਦਿੰਦਾ ਰਹੇਗਾ, ਜਦੋਂ ਤੱਕ ਉਸ ਨੂੰ ਆਪ ਨਹੀਂ ਹਟਾਇਆ ਜਾਂਦਾ।
2. ਗਰੁੱਪ 'ਚ ਜੁੜਨ ਤੋਂ ਬਾਅਦ ਵੀ ਦੇਖ ਸਕੋਗੇ ਪੁਰਾਣੀ ਚੈਟ
ਕਿਸੇ ਨਵੇਂ ਮੈਂਬਰ ਦੇ ਗਰੁੱਪ ਵਿੱਚ ਸ਼ਾਮਲ ਹੋਣ ਤੋਂ ਬਾਅਦ, ਗਰੁੱਪ ਦੇ ਹੋਰ ਮੈਂਬਰ ਉਸ ਨਾਲ ਹਾਲ ਹੀ ਦੀ ਚੈਟ ਹਿਸਟਰੀ (ਪੁਰਾਣੀ ਗੱਲਬਾਤ) ਸਾਂਝੀ ਕਰ ਸਕਣਗੇ। ਇਸ ਲਈ ਨਵੇਂ ਮੈਂਬਰ ਨੂੰ ਮੁੜ ਗਰੁੱਪ ਤੋਂ ਹਟਾ ਕੇ ਜੋੜਨ ਦੀ ਲੋੜ ਨਹੀਂ ਪਵੇਗੀ।
3. ਖ਼ਾਸ ਗਰੁੱਪ ਲਈ ਅਲੱਗ ਤੋਂ ਲਗਾ ਸਕੋਗੇ ਸਟੇਟਸ
ਹੁਣ ਯੂਜ਼ਰਸ ਕਿਸੇ ਖ਼ਾਸ ਗਰੁੱਪ ਦੇ ਮੈਂਬਰਾਂ ਲਈ ਅਲੱਗ ਤੋਂ 'ਗਰੁੱਪ ਸਟੇਟਸ' (Group Status) ਸ਼ੇਅਰ ਕਰ ਸਕਣਗੇ। ਉਸ ਗਰੁੱਪ ਦੇ ਸਾਰੇ ਮੈਂਬਰ ਉਹ ਸਟੇਟਸ ਦੇਖ ਸਕਣਗੇ ਅਤੇ ਉਸ 'ਤੇ ਪ੍ਰਤੀਕਿਰਿਆ (Reaction) ਵੀ ਦੇ ਸਕਣਗੇ। ਇਹ ਆਮ ਸਟੇਟਸ ਵਾਂਗ ਹੀ 24 ਘੰਟਿਆਂ ਬਾਅਦ ਆਪਣੇ ਆਪ ਗਾਇਬ ਹੋ ਜਾਵੇਗਾ।
4. 'ਮੈਂਸ਼ਨਜ਼ ਐਂਡ ਰਿਪਲਾਈਜ਼' ਫਿਲਟਰ
ਯੂਜ਼ਰਾਂ ਦੀ ਸਹੂਲਤ ਲਈ 'Mentions and Replies' ਨਾਮ ਦਾ ਨਵਾਂ ਫਿਲਟਰ ਦਿੱਤਾ ਗਿਆ ਹੈ। ਇਸ ਨਾਲ ਯੂਜ਼ਰਸ ਉਨ੍ਹਾਂ ਮੈਸੇਜਾਂ ਨੂੰ ਆਸਾਨੀ ਨਾਲ ਅਲੱਗ ਦੇਖ ਸਕਣਗੇ ਜਿੱਥੇ ਉਨ੍ਹਾਂ ਨੂੰ ਟੈਗ ਕੀਤਾ ਗਿਆ ਹੈ, ਉਨ੍ਹਾਂ ਦੇ ਮੈਸੇਜ ਦਾ ਜਵਾਬ ਦਿੱਤਾ ਗਿਆ ਹੈ ਜਾਂ @all ਜ਼ਰੀਏ ਸੁਨੇਹਾ ਭੇਜਿਆ ਗਿਆ ਹੈ।
ਐਂਡਰਾਇਡ ਅਤੇ ਆਈਫ਼ੋਨ ਦੋਵਾਂ 'ਤੇ ਉਪਲਬਧ
ਵਟਸਐਪ ਨੇ ਇਹ ਚਾਰੇ ਫ਼ੀਚਰਜ਼ ਐਂਡਰਾਇਡ (Android) ਅਤੇ ਆਈਫ਼ੋਨ (iPhone) ਯੂਜ਼ਰਾਂ ਲਈ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਯੂਜ਼ਰਸ ਆਪਣੇ ਫ਼ੋਨ ਵਿੱਚ ਵਟਸਐਪ ਐਪ ਨੂੰ ਅੱਪਡੇਟ ਕਰਕੇ ਇਨ੍ਹਾਂ ਨਵੇਂ ਫ਼ੀਚਰਾਂ ਦਾ ਲਾਭ ਲੈ ਸਕਦੇ ਹਨ।
