''ਫਾਇਨੈਂਸਿੰਗ'' ਸੁਵਿਧਾ ਲਈ ਟਾਟਾ ਮੋਟਰਜ਼ ਦਾ ਮਹਾਰਾਸ਼ਟਰ ਬੈਂਕ ਨਾਲ ਕਰਾਰ
Monday, Aug 16, 2021 - 12:58 PM (IST)

ਨਵੀਂ ਦਿੱਲੀ- ਟਾਟਾ ਮੋਟਰਜ਼ ਨੇ ਆਪਣੇ ਯਾਤਰੀ ਵਾਹਨਾਂ ਦੇ ਖ਼ਰੀਦਦਾਰਾਂ ਨੂੰ ਕਰਜ਼ ਉਪਲਬਧ ਕਰਾਉਣ ਲਈ ਜਨਤਕ ਖੇਤਰ ਦੇ ਬੈਂਕ ਆਫ ਮਹਾਰਾਸ਼ਟਰ (ਬੀ. ਓ. ਐੱਮ.) ਨਾਲ ਕਰਾਰ ਕੀਤਾ ਹੈ। ਇਸ ਯੋਜਨਾ ਤਹਿਤ ਬੀ. ਓ. ਐੱਮ. ਟਾਟਾ ਮੋਟਰਜ਼ ਦੇ ਯਾਤਰੀ ਵਾਹਨਾਂ ਦੇ ਗਾਹਕਾਂ ਨੂੰ ਹੇਠਲੀ ਦਰ 'ਤੇ ਕਰਜ਼ ਦੇਵੇਗਾ।
ਇਸ ਕਰਾਰ ਤਹਿਤ ਬੀ. ਓ. ਐੱਮ. ਟਾਟਾ ਮੋਟਰਜ਼ ਦੇ ਗਾਹਕਾਂ ਨੂੰ ਕੁਝ ਸ਼ਰਤਾਂ ਨਾਲ 7.15 ਫ਼ੀਸਦੀ ਦੀ ਸ਼ੁਰੂਆਤੀ ਹੇਠਲੀ ਦਰ 'ਤੇ ਕਰਜ਼ ਉਪਲਬਧ ਕਰਾਏਗਾ।
ਇਹ ਰੇਪੋ ਰੇਟ ਨਾਲ ਜੁੜੀ ਦਰ ਹੋਵੇਗੀ। ਕੰਪਨੀ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਯੋਜਨਾ ਤਹਿਤ ਤਨਖ਼ਾਹਦਾਰ ਮੁਲਾਜ਼ਮਾਂ, ਸਵੈ-ਰੁਜ਼ਗਾਰ ਵਾਲੇ ਲੋਕਾਂ, ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਵਾਹਨ ਦੀ ਕੁੱਲ ਲਾਗਤ ਦਾ 90 ਫ਼ੀਸਦੀ ਤੱਕ ਕਰਜ਼ ਉਪਲਬਧ ਕਰਾਇਆ ਜਾਵੇਗਾ। ਕੰਪਨੀ ਨੇ ਕਿਹਾ ਕਿ ਕਾਰਪੋਰੇਟ ਗਾਹਕਾਂ ਨੂੰ ਵਾਹਨ ਦੀ ਕੁੱਲ ਲਾਗਤ ਦਾ 80 ਫ਼ੀਸਦ ਕਰਜ਼ ਉਪਲਬਧ ਕਰਾਇਆ ਜਾਵੇਗਾ। ਟਾਟਾ ਮੋਟਰਜ਼ ਦੇ ਯਾਤਰੀ ਕਾਰੋਬਾਰ ਯੂਨਿਟ ਦੇ ਉਪ ਮੁਖੀ (ਵਿਕਰੀ, ਮਾਰਕੀਟਿੰਗ ਤੇ ਗਾਹਕ ਸਹਾਇਤਾ) ਰਾਜਨ ਅੰਬਾ ਨੇ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਤੋਂ ਉਭਰਨ ਲਈ ਅਸੀਂ ਨਿੱਜੀ ਸਾਧਨ ਨੂੰ ਜ਼ਿਆਦਾ ਸਸਤਾ ਤੇ ਪਹੁੰਚ ਵਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।