ਸਾਵਧਾਨ : ਫੁੱਲ ਨਾ ਕਰਵਾਓ ਗੱਡੀ ਦੀ ਟੈਂਕੀ

Saturday, Apr 01, 2017 - 01:03 PM (IST)

ਸਾਵਧਾਨ : ਫੁੱਲ ਨਾ ਕਰਵਾਓ ਗੱਡੀ ਦੀ ਟੈਂਕੀ

ਜਲੰਧਰ - ਵਾਹਨ ''ਚ ਤੇਲ-ਪਾਣੀ ਅਪ-ਟੂ-ਡੇਟ ਰੱਖਣਾ ਚੰਗੀ ਆਦਤ ਹੈ ਪਰ ਜੇਕਰ ਤੁਹਾਨੂੰ ਗੱਡੀ ਦੀ ਟੈਂਕੀ ਫੁੱਲ ਕਰਵਾਉਣ ਦਾ ਸ਼ੌਕ ਹੈ ਤਾਂ ਇਸ ਸ਼ੌਕ ਨੂੰ ਅੱਜ ਹੀ ਬਦਲ ਲਵੋ। ਦਰਅਸਲ, ਅਜਿਹਾ ਕਰਕੇ ਤੁਸੀਂ ਆਪਣੀ ਜਾਨ ਨੂੰ ਖਤਰੇ ਨੂੰ ਪਾ ਰਹੇ ਹੋ। ਅਸੀਂ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਡੇ ਵਾਹਨ ਦੀ ਟੈਂਕੀ ਫੁੱਲ ਹੈ ਤਾਂ ਤਾਪਮਾਨ ਵਧਣ ਜਾਂ ਹਾਦਸਾ ਹੋਣ ''ਤੇ ਉਸ ''ਚ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ ''ਚ ਜ਼ਰੂਰੀ ਹੈ ਕਿ ਅਗਲੀ ਵਾਰ ਜਦੋਂ ਵੀ ਤੁਸੀਂ ਗੱਡੀ ''ਚ ਡੀਜ਼ਲ ਜਾਂ ਪੈਟਰੋਲ ਭਰਵਾ ਰਹੇ ਹੋਣ ਤਾਂ ਸੇਲਜ਼ਮੈਨ ਨੂੰ ਇਹ ਨਾ ਕਹੋ ਕਿ ਗੱਡੀ ਦੀ ਟੈਂਕ ਫੁੱਲ ਕਰ ਦੇਵੇ।

ਗਰਮੀਆਂ ''ਚ ਵਧ ਜਾਂਦੈ ਖ਼ਤਰਾ
ਗਰਮੀਆਂ ਦੇ ਦਿਨਾਂ ''ਚ ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਅੱਗ ਲੱਗਣ ਦਾ ਖਤਰਾ ਵੀ ਵਧ ਜਾਂਦਾ ਹੈ। ਜਦੋਂ ਅਸੀਂ ਟੈਂਕੀ ਨੂੰ ਫੁੱਲ ਕਰਵਾ ਲੈਂਦੇ ਹਾਂ ਤਾਂ ਉਸ ''ਚ ਗੈਸ ਤੇਜ਼ੀ ਨਾਲ ਬਣਨ ਲੱਗਦੀ ਹੈ ਅਤੇ ਇਸ ਗੈਸ ਨੂੰ ਜਦੋਂ ਜਗ੍ਹਾ ਨਹੀਂ ਮਿਲਦੀ ਤਾਂ ਇਹ ਵਿਸਫੋਟਕ ਸਥਿਤੀ ਵੀ ਪੈਦਾ ਕਰ ਸਕਦੀ ਹੈ ਜਾਂ ਇਵੇਂ ਕਹੋ ਕਿ ਧਮਾਕਾ ਵੀ ਹੋ ਸਕਦਾ ਹੈ।

ਇੱਥੇ ਕਰੋ ਸ਼ਿਕਾਇਤ
ਦਰਅਸਲ, ਵਾਹਨਾਂ ਦੀਆਂ ਟੈਂਕੀਆਂ ਅਤੇ ਤੇਲ ਪਾਉਣ ਵਾਲੀ ਮਸ਼ੀਨ ਦੇ ਨੋਜ਼ਿਲ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਜਦੋਂ ਟੈਂਕੀ 90 ਫੀਸਦੀ ਫੁੱਲ ਹੋ ਜਾਂਦੀ ਹੈ ਤਾਂ ਨੋਜ਼ਿਲ ਆਪਣੇ-ਆਪ ਹੀ ਡੀਜ਼ਲ/ਪੈਟਰੋਲ ਦੇਣਾ ਬੰਦ ਕਰ ਦਿੰਦਾ ਹੈ। ਪੈਟਰੋਲ ਪੰਪਾਂ ''ਤੇ ਕੰਮ ਕਰਨ ਵਾਲੇ ਸੇਲਜ਼ਮੈਨ ਇਸ ਵਿਵਸਥਾ ਦੀ ਪਾਲਣਾ ਨਹੀਂ ਕਰਦੇ ਅਤੇ ਉਹ ਕਈ ਵਾਰ ਵਾਹਨ ਮਾਲਕ ਦੇ ਕਹਿਣ ''ਤੇ ਜਾਂ ਫਿਰ ਖੁੱਲ੍ਹੇ ਪੈਸੇ ਨਾ ਹੋਣ ਕਾਰਨ ਨੋਜ਼ਿਲ ਨੂੰ ਬਾਹਰ ਖਿੱਚ ਕੇ ਜਾਂ ਗੱਡੀ ਨੂੰ ਹਿਲਾ-ਹਿਲਾ ਕੇ ਟੰਕੀ ਨੂੰ ਉੱਪਰ ਤੱਕ ਫੁੱਲ ਕਰ ਦਿੰਦੇ ਹਨ। ਇਹੀ ਸਥਿਤੀ ਖਤਰਨਾਕ ਹੋ ਜਾਂਦੀ ਹੈ। ਜੇਕਰ ਤੁਸੀਂ ਕਿਸੇ ਵਾਹਨ ''ਚ ਸੇਲਜ਼ਮੈਨ ਨੂੰ ਟੈਂਕੀ ਫੁੱਲ ਕਰਦੇ ਹੋਏ ਵੇਖੋ ਤਾਂ ਇਸਦੀ ਸ਼ਿਕਾਇਤ ਤੁਸੀਂ ਖੇਤਰੀ ਅਧਿਕਾਰੀ ਨੂੰ ਕਰ ਸਕਦੇ ਹੋ ਜਾਂ ਫਿਰ ਹਰ ਪੈਟਰੋਲ ਪੰਪ ''ਤੇ ਮੌਜੂਦ ਕੰਪਲੇਂਟ ਬੁੱਕ ''ਚ ਲਿਖ ਸਕਦੇ ਹੋ।

ਕੀ ਕਹਿੰਦੇ ਹਨ ਅਧਿਕਾਰੀ
ਇਕ ਅਖਬਾਰ ''ਚ ਛਪੀ ਖਬਰ ਦੇ ਅਨੁਸਾਰ ਖੇਤਰੀ ਅਧਿਕਾਰੀ ਆਈ. ਓ. ਸੀ. (ਸਹਾਰਨਪੁਰ) ਮਯੰਕ ਗੁਪਤਾ ਦਾ ਕਹਿਣਾ ਹੈ ਕਿ ਸਾਰੇ ਡੀਲਰਸ ਨੂੰ ਸਮੇਂ-ਸਮੇਂ ''ਤੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਵਾਹਨਾਂ ਦੀ ਟੈਂਕੀ ਨੂੰ ਫੁੱਲ ਨਾ ਕਰਨ। ਵੈਸੇ ਵੀ ਵਾਹਨਾਂ ਦੀ ਟੈਂਕੀ ਕਿਸੇ ਵੀ ਮੌਸਮ ''ਚ ਫੁੱਲ ਰੱਖਣਾ ਸਹੀ ਨਹੀਂ ਹੁੰਦਾ ਹੈ। ਗਰਮੀਆਂ ''ਚ ਇਹ ਜ਼ਿਆਦਾ ਖਤਰੇ ਭਰਿਆ ਹੋ ਜਾਂਦਾ ਹੈ।

ਉਥੇ ਹੀ ਜਦੋਂ ''ਜਗ ਬਾਣੀ'' ਨੇ ਜਦੋਂ ਇਸ ਸਬੰਧ ''ਚ ਤੇਲ ਕੰਪਨੀ ਆਈ. ਓ. ਸੀ. (ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ) ਦੇ ਜਲੰਧਰ ਦਫਤਰ ਦੇ ਇਕ ਉੱਚ ਅਧਿਕਾਰੀ ਅਤੇ ਅੰਮ੍ਰਿਤਸਰ ਦਫਤਰ ਦੇ ਇਕ ਅਧਿਕਾਰੀ ਦੇ ਨਾਲ ਫੋਨ ''ਤੇ ਗੱਲਬਾਤ ਕੀਤੀ ਤਾਂ ਦੋਵਾਂ ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਦੀ ਟੈਂਕੀ ਫੁੱਲ ਕਰਵਾਉਣ ਨਾਲ ਕਿਸੇ ਤਰ੍ਹਾਂ ਦਾ ਧਮਾਕਾ ਹੋਣ ਦਾ ਖਤਰਾ ਨਹੀਂ ਹੈ। ਓਧਰ ਦੂਜੇ ਪਾਸੇ ਬੀ. ਪੀ. ਸੀ. ਐੱਲ. (ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ) ਦੇ ਨੋਇਡਾ ਸਥਿਤ ਉੱਤਰੀ ਜ਼ੋਨ ਦੇ ਖੇਤਰੀ ਦਫਤਰ ''ਚ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਚੰਡੀਗੜ੍ਹ ਦਫਤਰ ਦਾ ਨੰਬਰ ਦੇ ਦਿੱਤਾ, ਜਿੱਥੇ ਇਕ ਅਧਿਕਾਰੀ ਨਾਲ ਫੋਨ ''ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ''ਹੈਲੋ-ਹੈਲੋ'' ਕਰ ਕੇ ਫੋਨ ਕੱਟ ਦਿੰਦੇ ਰਹੇ।


Related News