ਇਨ੍ਹਾਂ ਐਪਸ ਰਾਹੀਂ ਸਮਾਰਟਫੋਨ ਰੱਖੇਗਾ ਤੁਹਾਡੀ ਸਿਹਤ ਦਾ ਖਿਆਲ
Sunday, Jan 22, 2017 - 04:52 PM (IST)

ਜਲੰਧਰ- ਸਮਾਰਟਫੋਨ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ, ਜਿਸ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਸੀਂ ਸਮਾਰਟਫੋਨ ਦੀ ਵਰਤੋਂ ਜ਼ਿਆਦਾਤਰ ਚੈਟ, ਕਾਲਿੰਗ ਆਦਿ ਲਈ ਕਰਦੇ ਹਾਂ। ਲੰਡਨ ''ਚ ਰਹਿਣ ਵਾਲੇ 1.2 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਬੇਬੀਲੋਨ-ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਐਪ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਐਪ ਨਾਲ ਸਿਹਤ ਸੇਵਾਵਾਂ ਦੀ ਜਾਣਕਾਰੀ ਮਰੀਜ਼ ਦੀ ਜੇਬ ਵਿਚ ਮੌਜੂਦ ਰਹੇਗੀ।
ਬੇਬੀਲੋਨ :
ਇਸ ਮੁਫਤ ਐਪ ਨਾਲ ਮਰੀਜ਼ ਲਾਈਵ ਵੀਡੀਓ ਚੈਟ ਰਾਹੀਂ ਡਾਕਟਰ ਨਾਲ ਗੱਲ ਕਰ ਸਕਦਾ ਹੈ।
ਲੱਛਣਾਂ ਦੀ ਜਾਂਚ ਕਰਨਾ :
ਦੁਨੀਆ ਵਿਚ ਕਿਤਿਓਂ ਵੀ ਇਸ ਫੀਚਰ ਰਾਹੀਂ ਆਟੋਮੈਟਿਕ ਇਲਾਜ ਹਾਸਲ ਕੀਤਾ ਜਾ ਸਕਦਾ ਹੈ। ਗੰਭੀਰ ਬੀਮਾਰੀਆਂ ਲਈ ਇਹ ਸਟੀਕ ਇੰਤਜ਼ਾਮ ਹੈ।
ਆਈ ਐਗਜ਼ਾਮੀਨਰ :
ਹੱਥ ਨਾਲ ਫੜਿਆ ਜਾਣ ਵਾਲਾ ਇਹ ਆਈਫੋਨ ਆਪਥੈਲਮੋਸਕੋਪ (ਨੇਤਰ ਦਰਸ਼ਕ) ਹਾਈ ਰੈਜ਼ੋਲਿਊਸ਼ਨ ਵਾਲੀਆਂ ਫੋਟੋਆਂ ਲੈਣ ਲਈ ਕੈਮਰੇ ਦੀ ਵਰਤੋਂ ਕਰਦਾ ਹੈ। ਰਵਾਇਤੀ ਆਪਥੈਲਮੋਸਕੋਪ ਦੀ ਤੁਲਨਾ ਵਿਚ ਇਹ ਦ੍ਰਿਸ਼ਾਂ ਨੂੰ 3 ਗੁਣਾ ਵੱਡਾ ਦਿਖਾਉਂਦਾ ਹੈ। ਨਾਲ ਹੀ ਇਸ ਵਿਚ ਅੱਖਾਂ ਦੀ ਪੁਤਲੀ ਨੂੰ ਫੈਲਾਉਣ ਦੀ ਲੋੜ ਵੀ ਨਹੀਂ ਪੈਂਦੀ। ਇਹ ਮਾਹਿਰਾਂ ਕੋਲ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਵੀ ਫੋਟੋ ਤੇ ਵੇਰਵਾ ਭੇਜ ਦਿੰਦਾ ਹੈ।
ਸਪਾਇਰੋ ਸਮਾਰਟ :
ਇਹ ਐਪ ਸੈਂਸਰ ਦੇ ਰੂਪ ''ਚ ਮਾਈਕ੍ਰੋਫੋਨ ਦਾ ਇਸਤੇਮਾਲ ਕਰਦਾ ਹੈ। ਸਪਾਇਰੋਮੀਟਰ ਸਮਾਰਟ ਫੋਨ ''ਤੇ ਆਧਾਰਿਤ ਹੈ। ਇਹ ਫੇਫੜਿਆਂ ਨਾਲ ਸੰਬੰਧਿਤ ਗੰਭੀਰ ਬੀਮਾਰੀਆਂ ਜਿਵੇਂ ਦਮਾ, ਸਿਸਟਿਕ ਫਿਬ੍ਰਾਸਿਸ ਤੇ ਬ੍ਰੋਂਕਾਇਟਿਸ ਤੋਂ ਬਚਾਅ ਬਾਰੇ ਦੱਸਦਾ ਹੈ। ਇਹ ਐਪ ਮਰੀਜ਼ ਦੇ ਮੂੰਹ ਦੇ ਰਸਤੇ ਅਤੇ ਨਲੀ ਵਿਚੋਂ ਆਉਣ ਵਾਲੀਆਂ ਧੁਨੀ ਤਰੰਗਾਂ ਦਾ ਵਿਸ਼ਲੇਸ਼ਣ ਕਰਦਾ ਹੈ।
ਪੂਪ ਐੱਮ. ਡੀ. :
ਇਹ ਮੁਫਤ ਐਪ ਬਿਲੈਰੀ ਐਟਰੇਸ਼ੀਆ (ਬੀ. ਏ.) ਨੂੰ ਪਛਾਣਨ ਲਈ ਪਖਾਨੇ ਦੇ ਰੰਗ ਦੀ ਜਾਂਚ ਕਰਦਾ ਹੈ। ਇਹ ਇਕ ਅਜਿਹਾ ਵਿਕਾਰ ਹੈ ਜੋ ਬੱਚਿਆਂ ਦੇ ਲਿਵਰ ਵਿਚ ਬੀਮਾਰੀ ਦਾ ਕਾਰਨ ਬਣਦਾ ਹੈ। ਬੀ. ਏ. ਪੂਰਬੀ ਏਸ਼ੀਆ ਵਿਚ ਆਮ ਹੈ। ਇਹ 5 ਹਜ਼ਾਰ ਬੱਚਿਆਂ ਵਿਚੋਂ ਇਕ ਨੂੰ ਹੁੰਦਾ ਹੈ। ਜੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਫੇਫੜਿਆਂ ਨੂੰ ਬੇਕਾਰ ਕਰ ਸਕਦਾ ਹੈ।
ਕਲੀਨਿਕਲਾਊਡ :
ਇਸ ਵਿਚ ਡਿਜੀਟਲ ਸਟੈਥੋਸਕੋਪ ਤੇ ਥਰਮਾਮੀਟਰ ਹੁੰਦਾ ਹੈ। ਹਰ ਡਾਕਟਰ ਦੇ ਕਲੀਨਿਕ ਵਿਚ ਇਹ ਦੋਵੇਂ ਲਾਜ਼ਮੀ ਯੰਤਰ ਹਨ। ਇਹ ਦੋਵੇਂ ਫੋਨ ਐਪ ਨਾਲ ਤਾਪਮਾਨ ਨੂੰ ਰਿਕਾਰਡ ਕਰਨ ਤੇ ਉਸ ਦਾ ਵਿਸ਼ਲੇਸ਼ਣ ਕਰਨ ਦਾ ਕੰਮ ਕਰਦੇ ਹਨ ਅਤੇ ਦਿਲ ਦੀ ਧੜਕਨ ਤੇ ਸਾਹ ਲੈਣ ਦਾ ਅਧਿਐਨ ਕਰਦੇ ਹਨ। ਇਸ ਨਾਲ ਸਿੱਧਾ ਡਾਕਟਰ ਨੂੰ ਅੰਕੜੇ ਭੇਜੇ ਜਾ ਸਕਦੇ ਹਨ।
ਬਾਇਓਮੇਮੇ ਸਿਸਟਮ :
ਇਹ ਆਈਫੋਨ ਨੂੰ ਮੋਬਾਇਲ (ਚਲਦੀ-ਫਿਰਦੀ) ਡੀ. ਐੱਨ. ਏ. ਲੈਬ ਵਿਚ ਬਦਲ ਦਿੰਦਾ ਹੈ। ਹੱਥ ਨਾਲ ਚੱਲਣ ਵਾਲਾ ਇਹ ਰੀਅਲ ਟਾਈਮ ਪੀ. ਸੀ. ਆਰ. (ਪਾਲੀਮਰਸ ਚੇਨ ਰਿਐਕਸ਼ਨ) ਸਿਸਲਰ ਹੈ ਜੋ ਮਰੀਜ਼ ਦੇ ਖੂਨ ਦੇ ਨਮੂਨੇ ਨਾਲ ਪੈਥੇਜਨ ਦੇ ਡੀ. ਐੱਨ. ਏ. ਦੀਆਂ ਅਰਬਾਂ ਨਕਲਾਂ ਬਣਾ ਸਕਦਾ ਹੈ ਅਤੇ ਫਲੋਰੇਸੈਂਟ ਡਾਈ ਨਾਲ ਇਸ ਦਾ ਟੈਗ ਲਾ ਦਿੰਦਾ ਹੈ। ਆਈਫੋਨ ਚਮਕਦੀ ਹੋਈ ਡਾਈ ਦੀ ਜਾਂਚ ਕਰ ਲੈਂਦਾ ਹੈ। ਇਸ ਦਰਮਿਆਨ ਐਪ ਪਛਾਣ ਕਰਦਾ ਹੈ ਕਿ ਨਮੂਨੇ ਵਿਚ ਕਿਹੜਾ ਵਾਇਰਸ ਹੈ।
ਲੂਮੀਫਾਈ :
ਫੋਨ ਜਾਂ ਐਂਡ੍ਰਾਇਡ ਟੈਬਲੇਟ ਵਿਚ ਫਿਲਿਪਸ ਦਾ ਅਲਟ੍ਰਾਸਾਊਂਡ ਸਿਸਟਮ ਲਾ ਦਿੱਤਾ ਜਾਂਦਾ ਹੈ। ਸਕੈਨਿੰਗ ਐਪ ਰਾਹੀਂ ਫੇਫੜਿਆਂ, ਪੇਟ, ਮਾਸਪੇਸ਼ੀਆਂ, ਹੱਡੀਆਂ ਤੇ ਮੁਲਾਇਮ ਟਿਸ਼ੂਆਂ ਦੀ ਬਣਤਰ ਦੀ ਇਮੇਜ ਬਣ ਜਾਂਦੀ ਹੈ। ਤੁਰੰਤ ਲੋੜ ਪੈਣ ''ਤੇ ਕੇਅਰ ਸੈਂਟਰਾਂ ''ਤੇ ਇਹ ਐਪ ਅਲਟ੍ਰਾਸਾਊਂਡ ਦਾ ਕੰਮ ਕਰਦਾ ਹੈ ਅਤੇ ਮਾਹਿਰ ਇਸ ਦਾ ਵਿਸ਼ਲੇਸ਼ਣ ਕਰ ਕੇ ਹਸਪਤਾਲ ਵਿਚ ਰੇਡੀਓਲਾਜਿਸਟ ਨੂੰ ਸਿੱਧੀ ਆਪਣੀ ਰਿਪੋਰਟ ਭੇਜ ਦਿੰਦਾ ਹੈ।
2013-16 ਇਬੋਲਾ ਦਾ ਕਹਿਰ
ਪੱਛਮੀ ਅਫਰੀਕਾ ''ਚ ਇਬੋਲਾ ਵਾਇਰਸ ਦੇ 28,600 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਅਤੇ 11,300 ਤੋਂ ਜ਼ਿਆਦਾ ਲੋਕਾਂ ਦੀ ਇਸ ਨਾਲ ਮੌਤ ਹੋ ਗਈ।
ਇਸ ਵਾਇਰਸ ਦੀ ਪਛਾਣ ਲਈ ਰੀਅਲ ਟਾਈਮ ਪੀ. ਸੀ. ਆਰ. ਦੀ ਵਰਤੋਂ ਕੀਤੀ ਗਈ ਪਰ ਕੁਝ ਹੀ ਪਰਖਾਂ ਕੀਤੀਆਂ ਜਾ ਸਕੀਆਂ। ਇਕ ਉਂਗਲ ਨਾਲ ਹਲਕਾ ਜਿਹਾ ਦਬਾਅ ਬਣਾਉਂਦਿਆਂ ਹੀ ਬਾਇਓਮੇਨੇ ਪੀ. ਸੀ. ਆਰ. ਕਿਸੇ ਦੀ ਵੀ 2 ਘੰਟੇ ਤੋਂ ਵੀ ਘੱਟ ਸਮੇਂ ਵਿਚ ਜਾਂਚ ਕਰ ਸਕਦਾ ਹੈ।