ਰਿਲਾਇੰਸ ਜੀਓ ਬ੍ਰਾਡਬੈਂਡ ਸੇਵਾ ਦੀ ਟੈਸਟਿੰਗ ਸ਼ੁਰੂ, ਹਾਈ ਸਪੀਡ ਮਿਲਣ ਦਾ ਦਾਅਵਾ
Sunday, Jan 15, 2017 - 01:31 PM (IST)

ਜਲੰਧਰ- ਭਾਰਤੀ ਟੈਲੀਕਾਮ ਇੰਡਸਟਰੀ ''ਚ ਧਮਾਕੇਦਾਰ ਐਂਟਰੀ ਕਰਨ ਤੋਂ ਬਾਅਦ ਰਿਲਾਇੰਸ ਜੀਓ ਨੇ ਬ੍ਰਾਡਬੈਂਡ ਇੰਟਰਨੈੱਟ ਸੈਕਟਰ ''ਚ ਵੀ ਆਪਣਾ ਨਾਂ ਬਣਾਉਣ ਦੀ ਤਿਆਰੀ ਕਰ ਲਈ ਹੈ। ਹਾਲ ਹੀ ''ਚ ਮੀਡੀਆ ਰਿਪੋਰਟਾਂ ''ਚ ਦਾਅਵਾ ਕੀਤਾ ਗਿਆ ਹੈ ਕਿ ਰਿਲਾਇੰਸ ਜੀਓ ਨੇ ਬ੍ਰਾਡਬੈਂਡ ਸੈਕਟਰ ''ਚ ਵੀ ਕਦਮ ਰੱਖ ਦਿੱਤਾ ਹੈ ਅਤੇ ਇਸ ਦੀ ਸ਼ੁਰੂਆਤ ਮੁੰਬਈ ਤੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਤੰਬਰ ਦੇ ਮਹੀਨੇ ''ਚ ਮੁਕੇਸ਼ ਅੰਬਾਨੀ ਨੇ ਦੱਸਿਆ ਸੀ ਕਿ ਰਿਲਾਇੰਸ ਜੀਓ ਬ੍ਰਾਡਬੈਂਡ ਸੇਵਾ ''ਚ ਸਬਸਕ੍ਰਾਈਬਰ ਨੂੰ 1 ਜੀ.ਪੀ.ਐੱਸ. ਤੱਕ ਦੀ ਇੰਟਰਨੈੱਟ ਸਪੀਡ ਮਿਲੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਰਿਲਾਇੰਸ ਜੀਓ ਗੀਗਾਫਾਈਬਰ ਨਾਂ ਦੀ ਬ੍ਰਾਡਬੈਂਡ ਸਰਵਿਸ ਨੂੰ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਰਿਲਾਇੰਸ ਜੀਓ ਦੀ ਬ੍ਰਾਡਬੈਂਡ ਸੇਵਾ ਨੂੰ ਮੁੰਬਈ ''ਚ ਰਹਿਣ ਵਾਲੇ ਕਈ ਲੋਕ ਇਸਤੇਮਾਲ ਵੀ ਕਰ ਰਹੇ ਹਨ ਪਰ ਤੁਹਾਨੂੰ ਇਹ ਸਾਫ ਕਰ ਦਈਏ ਕਿ ਕੰਪਨੀ ਨੇ ਇਸ ਸੇਵਾ ਨੂੰ ਅਧਿਕਾਰਤ ਤੌਰ ''ਤੇ ਲਾਂਚ ਨਹੀਂ ਕੀਤਾ ਹੈ, ਫਿਲਹਾਲ ਇਸ ਦੀ ਟੈਸਟਿੰਗ ਸ਼ੁਰੂ ਹੋਈ ਹੈ।
ਇੰਡੀਆ ਟੁਡੇ ਦਾ ਬਿਆਨ
ਮੁੰਬਈ ਦੇ ਵਾਲਕੇਸ਼ਵਰ ਰੋਡ ''ਤੇ ਸਥਿਤ ਇਕ ਬਿਲਡਿੰਗ ''ਚ ਰਹਿਣ ਵਾਲੇ ਇਕ ਵਿਅਕਤੀ ਨੇ ਇੰਡੀਆ ਟੁਡੇ ਨੂੰ ਜਾਣਕਾਰੀ ਦਿੱਤੀ ਹੈ ਕਿ ਰਿਲਾਇੰਸ ਜੀਓ ਬ੍ਰਾਡਬੈਂਡ ਕੁਨੈਕਸ਼ਨ ਉਸ ਦੀ ਬਿਲਡਿੰਗ ''ਚ ਚੱਲ ਰਿਹਾ ਹੈ ਅਤੇ ਇਸ ਨੂੰ ਚੁਣੇ ਹੋਏ ਲੋਕ ਇਸਤੇਮਾਲ ਵੀ ਕਰ ਪਾ ਰਹੇ ਹਨ। ਉਸ ਨੇ ਕਿਹਾ ਕਿ ਰਿਲਾਇੰਸ ਜੀਓ ਨੇ ਦਾਅਵਾ ਤਾਂ 1ਜੀ.ਬੀ.ਪੀ.ਐੱਸ. ਸਪੀਡ ਦਾ ਕੀਤਾ ਹੈ ਪਰ ਯੂਜ਼ਰਸ ਨੂੰ 70 ਤੋਂ 100 ਐੱਮ.ਬੀ.ਪੀ.ਐੱਸ. ਤੱਕ ਦੀ ਸਪੀਡ ਮਿਲ ਰਹੀ ਹੈ। ਹਾਲਾਂਕਿ ਇਹ ਵੀ ਮੌਜੂਦਾ ਬ੍ਰਾਡਬੈਂਡ ਕੁਨੈਕਸ਼ਨ ਦੀ ਤੁਲਨਾ ''ਚ ਬਹੁਤ ਬਿਹਤਰ ਹੈ।
ਜੀਓ ਦੇ ਨਵੇਂ ਪੈਕ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਉਮੀਦਾਂ
ਜੀਓ ਵੈਲਕਮ ਆਫਰ ਦੀ ਤਰ੍ਹਾਂ ਰਿਲਾਇੰਸ ਜੀਓ ਬ੍ਰਾਡਬੈਂਡ ਕੁਨੈਕਸ਼ਨ ਵੀ 3 ਮਹੀਨੇ ਲਈ ਮੁਫਤ ਦਿੱਤਾ ਜਾ ਸਕਦਾ ਹੈ ਪਰ ਇੰਸਟਾਲੇਸ਼ਨ ਅਤੇ ਰਾਊਟਰ ਲਈ ਯੂਜ਼ਰ ਨੂੰ 4,500 ਰੁਪਏ ਦੇਣੇ ਹੋਣਗੇ। ਟ੍ਰਾਇਲ ਖਤਮ ਹੋਣ ਤੋਂ ਬਾਅਦ ਜੇਕਰ ਯੂਜ਼ਰ ਇਸ ਸੇਵਾ ਨੂੰ ਜਾਰੀ ਨਹੀਂ ਰੱਖਣਾ ਚਾਹੁੰਦਾ ਹੈ ਤਾਂ ਰਿਲਾਇੰਸ ਜੀਓ ਰਾਊਟਰ ਵਾਪਸ ਲੈ ਲਵੇਗੀ ਅਤੇ ਪੈਸੇ ਰੀਫੰਡ ਕਰ ਦੇਵੇਗੀ। ਫਿਲਹਾਲ ਜੀਓ ਬ੍ਰਾਡਬੈਂਡ ਕੁਨੈਕਸ਼ਨ ਦੇ ਕਮਰਸ਼ੀਅਲ ਲਾਂਚ ਕੀਤੇ ਜਾਣ ਦੀ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।