ਜੀਓ ਦੇ ਸਰਗਰਮ ਗਾਹਕਾਂ ਦਾ ਅੰਕੜਾ ਜੁਲਾਈ ’ਚ 25 ਲੱਖ ਵਧਿਆ, ਇਨ੍ਹਾਂ ਕੰਪਨੀਆਂ ਨੂੰ ਹੋਇਆ ਨੁਕਸਾਨ
Monday, Oct 19, 2020 - 10:44 AM (IST)

ਨਵੀਂ ਦਿੱਲੀ– ਰਿਲਾਇੰਸ ਜੀਓ ਦੇ ਸਰਗਰਮ ਖਪਤਕਾਰਾਂ ਦੇ ਅੰਕੜੇ ’ਚ ਜੁਲਾਈ ’ਚ 25 ਲੱਖ ਦਾ ਵਾਧਾ ਹੋਇਆ ਹੈ। ਇਸ ਤੋਂ ਪਿਛਲੇ ਮਹੀਨੇ ਜੀਓ ਦੇ ਸਰਗਰਮ ਗਾਹਕਾਂ ਦਾ ਅੰਕੜਾ ਘਟਿਆ ਸੀ। ਉਥੇ ਹੀ ਉਸ ਦੀਆਂ ਪ੍ਰਮੁੱਖ ਵਿਰੋਧੀ ਕੰਪਨੀਆਂ ਭਾਰਤੀ ਏਅਰਟੈੱਲ ਅਤੇ ਵੋਡਾ ਆਈਡੀਆ ਨੁਕਸਾਨ ’ਚ ਰਹੀਆਂ।
ਭਾਰਤੀ ਏਅਰਟੈੱਲ ਦੇ ਸਰਗਰਮ ਗਾਹਕਾਂ ਦਾ ਅੰਕੜਾ ਜੁਲਾਈ ’ਚ 4 ਲੱਖ ਘਟਿਆ ਹੈ। ਇਸੇ ਤਰ੍ਹਾਂ ਵੋਡਾਫੋਨ ਆਈਡੀਆ ਨੇ ਵੀ 38 ਲੱਖ ਸਰਗਰਮ ਗਾਹਕ ਗਵਾਏ ਹਨ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਅਨੁਸਾਰ ਫਰਵਰੀ ਤੋਂ ਬਾਅਦ ਪਹਿਲੀ ਵਾਰ ਜੁਲਾਈ ’ਚ ਦੂਰਸੰਚਾਰ ਖਪਤਕਾਰਾਂ ਦਾ ਕੁਲ ਅੰਕੜੇ ’ਚ 35 ਲੱਖ ਦਾ ਵਾਧਾ ਹੋਇਆ ਹੈ। ਹਾਲਾਂਕਿ , ਇਸ ਦੌਰਾਨ ਸਰਗਰਮ ਗਾਹਕਾਂ ਦਾ ਅੰਕੜਾ ਕੁਲ ਮਿਲਾ ਕੇ 21 ਲੱਖ ਘਟਿਆ ਹੈ।
ਐਕਸਿਸ ਕੈਪੀਟਲ ਦੀ ਟਰਾਈ ਦੇ ਮਹੀਨਾਵਾਰ ਅੰਕੜਿਆਂ ਦੇ ਹਵਾਲੇ ਨਾਲ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ, ਜੁਲਾਈ ’ਚ ਉਦਯੋਗ ਦੇ ਸਰਗਰਮ ਗਾਹਕਾਂ ਜਾਂ ਕੁਨੈਕਸ਼ਨਾਂ ਦਾ ਅੰਕੜਾ 21 ਲੱਖ ਘੱਟ ਕੇ 95.6 ਕਰੋਡ਼ ਰਹਿ ਗਿਆ। ਇਸ ਤੋਂ ਪਹਿਲਾਂ ਜੂਨ ’ਚ ਮਹੀਨਾ-ਦਰ-ਮਹੀਨਾ ਆਧਾਰ ’ਤੇ ਸਰਗਰਮ ਗਾਹਕਾਂ ਦਾ ਅੰਕੜਾ 28 ਲੱਖ ਘਟਿਆ ਸੀ।’’ ਸਰਗਰਮ ਗਾਹਕਾਂ ਦੇ ਅੰਕੜੇ ਦੀ ਗਿਣਤੀ ਵਿਜ਼ੀਟਰ ਲੋਕੇਸ਼ਨ ਰਜਿਸਟਰ (ਵੀ. ਐੱਲ. ਆਰ.) ਜ਼ਰੀਏ ਕੀਤੀ ਜਾਂਦੀ ਹੈ। ਇਹ ਕਿਸੇ ਮੋਬਾਇਲ ਨੈੱਟਵਰਕ ’ਤੇ ਸਰਗਰਮ ਖਪਤਕਾਰਾਂ ਦਾ ਅੰਕੜਾ ਦੱਸਦਾ ਹੈ। ਐਕਸਿਸ ਦੀ ਰਿਪੋਰਟ ’ਚ ਕਿਹਾ ਗਿਆ ਹੈ।