‘ਚਿੱਪ ਦੀ ਕਮੀ ਕਾਰਨ ਯਾਤਰੀ ਵਾਹਨਾਂ ਦੀ ਰਵਾਨਗੀ ’ਚ 41 ਫੀਸਦੀ ਦੀ ਗਿਰਾਵਟ’

Friday, Oct 15, 2021 - 01:10 PM (IST)

ਨਵੀਂ ਦਿੱਲੀ, (ਭਾਸ਼ਾ)– ਆਟੋ ਉਦਯੋਗ ਦੇ ਸੰਗਠਨ ਸਿਆਮ ਨੇ ਕਿਹਾ ਕਿ ਆਟੋਮੋਬਾਇਲ ਨਿਰਮਾਤਾ ਸੈਮੀਕੰਡਕਟਰ ਦੀ ਕਮੀ ਕਾਰਨ ਲੋੜੀਂਦੀਆਂ ਇਕਾਈਆਂ ਦਾ ਉਤਪਾਦਨ ਕਰਨ ਲਈ ਜੂਝ ਰਹੇ ਹਨ, ਜਿਸ ਕਾਰਨ ਭਾਰਤ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ’ਚ ਸਤੰਬਰ ’ਚ ਸਾਲਾਨਾ ਆਧਾਰ ’ਤੇ 41 ਫੀਸਦੀ ਦੀ ਗਿਰਾਵਟ ਹੋਈ। ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਵਿਕਰੀ 1,60,070 ਇਕਾਈ ਰਹੀ ਸੀ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 2,72,027 ਇਕਾਈ ਸੀ।

ਭਾਰਤੀ ਆਟੋਮੋਬਾਇਲ ਨਿਰਮਾਤਾਵਾਂ ਦੀ ਸੋਸਾਇਟੀ (ਸਿਆਮ) ਦੇ ਤਾਜ਼ਾ ਅੰਕੜਿਆਂ ਮੁਤਾਬਕ ਡੀਲਰਾਂ ਨੂੰ ਦੋਪਹੀਆ ਵਾਹਨਾਂ ਦੀ ਰਵਾਨਗੀ ਵੀ ਸਤੰਬਰ 2020 ’ਚ 17 ਫੀਸਦੀ ਗਿਰਾਵਟ ਨਾਲ 15,28,472 ਇਕਾਈ ਰਹੀ ਜੋ ਸਤੰਬਰ 2020 ’ਚ 18,49,546 ਇਕਾਈ ਸੀ। ਇਸ ਦੌਰਾਨ ਮੋਟਰਸਾਈਕਲ ਦੀ ਰਵਾਨਗੀ ’ਚ 22 ਫੀਸਦੀ ਦੀ ਗਿਰਾਵਟ ਹੋਈ। ਸਿਆਮ ਦੇ ਪ੍ਰਧਾਨ ਕੇਨਿਚੀ ਆਯੁਕਾਵਾ ਨੇ ਕਿਹਾ ਕਿ ਭਾਰਤੀ ਆਟੋਮੋਬਾਇਲ ਉਦਯੋਗ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਇਕ ਪਾਸੇ ਅਸੀਂ ਵਾਹਨਾਂ ਦੀ ਮੰਗ ’ਚ ਸੁਧਾਰ ਦੇਖ ਰਹੇ ਹਾਂ, ਉੱਥੇ ਹੀ ਦੂਜੇ ਪਾਸੇ ਸੈਮੀਕੰਡਕਟਰ ਚਿੱਪਸ ਦੀ ਕਮੀ ਉਦਯੋਗ ਲਈ ਇਕ ਵੱਡੀ ਚਿੰਤਾ ਦਾ ਕਾਰਨ ਬਣ ਰਹੀ ਹੈ। ਕਈ ਮੈਂਬਰਾਂ ਨੇ ਆਪਣੀਆਂ ਉਤਪਾਦਨ ਯੋਜਨਾਵਾਂ ’ਚ ਕਟੌਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤਿਓਹਾਰੀ ਸੈਸ਼ਨ ਦੀ ਮੰਗ ਨਾਲ ਕੁੱਝ ਲੋਕਪ੍ਰਿਯ ਮਾਡਲਾਂ ਲਈ ਗਾਹਕਾਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ।


Rakesh

Content Editor

Related News