ਆਪਟੀਮਸ ਭਾਰਤ ਲਈ ਬਣਾਏਗੀ ਬਲੈਕਬੇਰੀ ਫੋਨ

Tuesday, Feb 07, 2017 - 02:22 PM (IST)

ਆਪਟੀਮਸ ਭਾਰਤ ਲਈ ਬਣਾਏਗੀ ਬਲੈਕਬੇਰੀ ਫੋਨ
ਜਲੰਧਰ- ਕੈਨੇਡਾ ਦੀ ਸਮਾਰਟਫੋਨ ਕੰਪਨੀ ਬਲੈਕਬੇਰੀ ਨੇ ਭਾਰਤ, ਸ਼੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ''ਚ ਬਲੈਕਬੇਰੀ ਐਂਡ੍ਰਾਇਡ ਫੋਨ ਦਾ ਨਿਰਮਾਣ ਕਰਨ ਲਈ ਆਪਟੀਮਸ ਇਨਫ੍ਰਾਕਾਮ ਦੇ ਨਾਲ ਲਾਇਸੈਂਸਿੰਗ ਸਮਝੌਤਾ ਕੀਤਾ ਹੈ। ਕੰਪਨੀ ਨੇ ਅੱਜ ਇਹ ਜਾਣਕਾਰੀ ਦਿੱਤੀ। ਬਲੈਕਬੇਰੀ ਦਾ ਹਾਲ ਹੀ ''ਚ ਇੰਡੋਨੇਸ਼ੀਆ ਦੀ ਟੀ. ਸੀ. ਐੱਲ. ਕਮਿਊਨੀਕੇਸ਼ਨਸ ਅਤੇ ਪੀ. ਟੀ. ਬਲੈਕਬੇਰੀ ਮੇਰਾਹ ਪੁਤਿਹ ਦੇ ਨਾਲ ਵੀ ਗਲੋਬਲ ਲਾਇਸੈਂਸਿੰਗ ਸਮਝੌਤਾ ਹੋਇਆ ਹੈ। ਇਸ ਸਮਝੌਤੇ ਮਗਰੋਂ ਕੰਪਨੀ ਨੇ ਭਾਰਤੀ ਦੂਰਸੰਚਾਰ ਖੇਤਰ ਦੀ ਕੰਪਨੀ ਦੇ ਨਾਲ ਇਹ ਲੰਮੀ ਮਿਆਦ ਸਮਝੌਤਾ ਕੀਤਾ ਹੈ। ਬਲੈਕਬੇਰੀ ਨੇ ਇਕ ਨੋਟ ਜਾਰੀ ਕਰ ਕੇ ਕਿਹਾ ਕਿ ਇਸ ਨਵੇਂ ਖੇਤਰੀ ਸਮਝੌਤੇ ਨਾਲ ਹੁਣ ਦੁਨੀਆ ਭਰ ''ਚ ਬਲੈਕਬੇਰੀ ਬਰਾਂਡ ਦੇ ਉਪਕਰਨ, ਹੈਂਡਸੈੱਟ ਬਣਾਉਣ ਲਈ ਲਾਇਸੈਂਸ ਧਾਰਕਾਂ ਦੀ ਪੂਰੀ ਕਵਰੇਜ ਹਾਸਲ ਕਰ ਲਈ ਗਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਸੁਰੱਖਿਅਤ ਸਾਫਟਵੇਅਰ ਅਤੇ ਸੇਵਾ ਕੰਪਨੀ ਦੇ ਤੌਰ ''ਤੇ ਆਪਣੀ ਲਾਇਸੈਂਸਿੰਗ ਰਣਨੀਤੀ ਨੂੰ ਅੱਗੇ ਵਧਾਇਆ ਹੈ।
ਕੰਪਨੀ ਨੇ ਕਿਹਾ ਕਿ ਬਲੈਕਬੇਰੀ ਅਤੇ ਆਪਟੀਮਸ ਇਨਫ੍ਰਾਕਾਮ ਵਿਚਾਲੇ ਨਿਰਮਾਣ ਸਮਝੌਤੇ ਨਾਲ ਭਾਰਤ ਸਰਕਾਰ ਦੀ ''ਮੇਕ ਇਨ ਇੰਡੀਆ'' ਪਹਿਲ ਨੂੰ ਵੀ ਸਮਰਥਨ ਮਿਲਿਆ ਹੈ। ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਬਲੈਕਬੇਰੀ ਆਪਣੇ ਸੁਰੱਖਿਆ ਸਾਫਟਵੇਅਰ ਅਤੇ ਸੇਵਾਵਾਂ ਦੇ ਨਾਲ ਹੀ ਸੰਬੰਧਿਤ ਬਰਾਂਡ ਜਾਇਦਾਦਾਂ ਨੂੰ ਆਪਟੀਮਸ ਇਨਫ੍ਰਾਕਾਮ ਨੂੰ ਲਾਇਸੈਂਸ ਦੇ ਤਹਿਤ ਮੁਹੱਈਆ ਕਰਵਾਏਗੀ।

Related News