ਘਰ ਤੱਕ ਖਾਣਾ ਪਹੁੰਚਾਉਣ ''ਚ ਮਦਦ ਕਰਨਗੇ ਹੁਣ ਰੋਬੋਟ
Monday, Dec 05, 2016 - 10:57 AM (IST)

ਜਲੰਧਰ- ਖਾਣੇ ਨੂੰ ਸਹੀ ਸਮੇਂ ''ਤੇ ਸਹੀ ਥਾਂ ਪਹੁੰਚਾਉਣ ਲਈ ਹੁਣ ਰੋਬੋਟਸ ਦੀ ਮਦਦ ਮਿਲਣ ਵਾਲੀ ਹੈ। ਆਨਲਾਈਨ ਫੂਡ ਆਡਰਰਿੰਗ ਕੰਪਨੀ ਜਸਟ ਈਟ (Just Eat) ਨੇ ਦੁਨੀਆ ਦੇ ਪਹਿਲੇ ਸੈਲਫ-ਡਰਾਈਵਿੰਗ ਫੂਡ ਡਲਿਵਰੀ ਰੋਬੋਟ ਰਾਹੀਂ ਪਹਿਲੀ ਵਾਰ ਖਾਣੇ ਨੂੰ ਉਸ ਦੀ ਸਹੀ ਥਾਂ ਪਹੁੰਚਾ ਕੇ ਇਕ ਨਵਾਂ ਰਿਕਾਰਡ ਬਣਾਇਆ ਹੈ। ਇਸ ਰੋਬੋਟ ਨੂੰ ਪੰਜ ਮਹੀਨਿਆਂ ਦੀ ਟੈਸਟਿੰਗ ਤੋਂ ਬਾਅਦ ਦੱਖਣ-ਪੂਰਬੀ ਲੰਡਨ ਦੀ ਇਕ ਥਾਂ ਗ੍ਰੀਨਵਿਚ ''ਚ ਡਲਿਵਰੀ ਲਈ ਸ਼ੁਰੂ ਕੀਤਾ ਗਿਆ।
ਐਪ ਨਾਲ ਕੀਤਾ ਗਿਆ ਸੀ ਖਾਣਾ ਆਰਡਰ
ਗ੍ਰੀਨਵਿਚ ਦੇ ਇਕ ਸਥਾਨਕ ਨਿਵਾਸੀ ਸਿਮੋਨ ਨੇ ਕਿਹਾ ਕਿ ਉਨ੍ਹਾਂ ਨੇ ਐਪ ਰਾਹੀਂ ਇਕ ਤੁਰਕੀ ਰੈਸਟੋਰੈਂਟ ਜਸਟ ਈਟ (Just Eat) ਮੋਬਾਇਲ ਰਾਹੀਂ ਖਾਣੇ ਦਾ ਆਰਡਰ ਬੁੱਕ ਕੀਤਾ ਸੀ ਅਤੇ ਰੈਸਟੋਰੈਂਟ ਦੁਆਰਾ ਖਾਣੇ ਨੂੰ ਸਿਮੋਨ ਦੇ ਘਰ ਤੱਕ ਪਹੁੰਚਾਇਆ। ਇਸ ਲਈ ਸਿਮੋਨ ਨੂੰ ਟੈਕਸਟ ਮੈਸੇਜ ਵੀ ਕੀਤਾ ਗਿਆ, ਜਿਸ ਵਿਚ ਲਿਖਿਆ ਸੀ ਕਿ ਖਾਣਾ ਉਨ੍ਹਾਂ ਤੱਕ ਪਹੁੰਚ ਰਿਹਾ ਹੈ ਅਤੇ ਇਸ ਨੂੰ ਰੋਬੋਟ ਦੁਆਰਾ ਭੇਜਿਆ ਗਿਆ ਹੈ।
ਰੋਬੋਟ ਦੇ ਫੀਚਰਜ਼
ਬਿਜਲੀ ਸੰਚਾਲਿਤ 6 ਪਹੀਆਂ ''ਤੇ ਕੰਮ ਕਰਨ ਵਾਲੇ ਇਸ ਰੋਬੋਟ ਨੂੰ ਸਟਾਰਸ਼ਿਪ ਟੈਕਨਾਲੋਜੀਜ਼ (Starship Technologies) ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਹ ਰੋਬੋਟ 3 ਤੋਂ 5 ਕਿਲੋਮੀਟਰ ਦੇ ਦਾਇਰੇ ਤੱਕ ਖਾਣਾ ਪਹੁੰਚਾ ਸਕਦਾ ਹੈ ਅਤੇ ਜ਼ਿਆਦਾਤਰ 16Km/h ਦੀ ਰਫਤਾਰ ਨਾਲ ਕੰਮ ਕਰਦਾ ਹੈ। ਇਸ ਵਿਚ 360-ਡਿਗਰੀ ਕੈਮਰਾ ਲੱਗਾ ਹੈ, ਜੋ ਇਨਫਰਾਰੈੱਡ ਅਤੇ ਅਲਟ੍ਰਾਸੋਨਿਕ ਸੈਂਸਰਜ਼ ਦੀ ਮਦਦ ਨਾਲ ਇਸ ਨੂੰ ਕੰਟਰੋਲ ਕਰਨ ''ਚ ਮਦਦ ਕਰਦਾ ਹੈ। ਫਿਲਹਾਲ ਇਸ ਰੋਬੋਟ ਨੂੰ ਮਨੁੱਖ ਦੁਆਰਾ ਆਪ੍ਰੇਟ ਕੀਤਾ ਜਾ ਰਿਹਾ ਹੈ ਅਤੇ ਅਗਲੇ ਸਾਲ ਤੱਕ ਇਸ ਤਕਨੀਕ ਨੂੰ ਪੂਰੇ ਲੰਡਨ ''ਚ ਵਿਸਤਾਰ ਕਰਨ ਦੀ ਯੋਜਨਾ ਬਣਾਈ ਗਈ ਹੈ।