ਹੁਣ ਸੰਭਵ ਹੋਣਗੇ ਸਮਾਰਟਫੋਨ ਨਾਲ ਲੈਬਾਰਟਰੀ ਟੈਸਟਸ
Sunday, Aug 13, 2017 - 11:06 AM (IST)

ਜਲੰਧਰ : ਆਮ ਤੌਰ 'ਤੇ ਖੂਨ, ਪੇਸ਼ਾਬ ਜਾਂ ਲਾਰ ਦਾ ਟੈਸਟ ਕਰਵਾਉਣ ਲਈ ਲੋਕਾਂ ਨੂੰ ਟੈਸਟ ਲੈਬਸ ਵਿਚ ਜਾਣਾ ਪੈਂਦਾ ਹੈ, ਜਿਸ ਵਿਚ ਸਮਾਂ ਅਤੇ ਪੈਸਾ ਦੋਹਾਂ ਦੀ ਬਰਬਾਦੀ ਹੁੰਦੀ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਇਕ ਅਜਿਹੀ 3ਡੀ-ਪ੍ਰਿੰਟਿਡ ਡਿਵਾਈਸ ਬਣਾਈ ਗਈ ਹੈ, ਜੋ ਘਰ 'ਚ ਹੀ ਸਭ ਤੋਂ ਵੱਧ ਕਾਮਨ ਟੈਸਟਸ ਕਰਨ ਵਿਚ ਮਦਦ ਕਰੇਗੀ। ਅਮਰੀਕੀ ਸੂਬੇ ਇਲੀਨਾਇਸ 'ਚ ਸਥਿਤ ਯੂਨੀਵਰਸਿਟੀ ਆਫ ਇਲੀਨਾਇਸ ਦੇ ਪ੍ਰੋਫੈਸਰ ਬ੍ਰਾਇਨ ਕਨਿੰਘਮ ਅਤੇ ਉਨ੍ਹਾਂ ਦੀ ਟੀਮ ਨੇ 550 ਡਾਲਰ (ਲਗਭਗ 35246 ਰੁਪਏ) ਵਿਚ ਇਸ ਟੀ. ਆਰ. ਆਈ. (ਟ੍ਰਾਸਮਿਸ਼ਨ ਰਿਫਲੈਕਟੈਂਸ ਇੰਟੈਨਸਿਟੀ) ਐਨਾਲਾਈਜ਼ਰ ਨਾਂ ਦੀ ਡਿਵਾਈਸ ਨੂੰ ਬਣਾਇਆ ਹੈ, ਜੋ ਤੁਹਾਡੇ ਸਾਧਾਰਨ ਸਮਾਰਟਫੋਨ 'ਤੇ ਐਪ ਦੀ ਮਦਦ ਨਾਲ ਲੈਬ ਤੋਂ ਵੀ ਵਧੀਆ ਨਤੀਜੇ ਸ਼ੋਅ ਕਰੇਗੀ।
3ਡੀ-ਪ੍ਰਿੰਟਿਡ ਡਿਵਾਈਸ ਦੀ ਕਾਰਜ ਪ੍ਰਣਾਲੀ
ਟੈਸਟ ਕਰਨ ਲਈ ਟੀ. ਆਰ. ਆਈ. ਐਨਾਲਾਈਜ਼ਰ 'ਚੋਂ ਮਾਈਕ੍ਰੋ ਫਲੂਡਿਕ ਕਾਟਰੇਜ ਨੂੰ ਬਾਹਰ ਕੱਢ ਕੇ ਉਸ ਵਿਚ ਲਿਕਵਿਡ ਸੈਂਪਲ ਨੂੰ ਫਿਲ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਇਸ ਕਾਟਰੇਜ ਨੂੰ ਡਿਵਾਈਸ ਵਿਚ ਸਲਾਈਡ ਕਰ ਕੇ ਫੋਨ ਦੇ ਪਿੱਛੇ ਰੱਖ ਕੇ ਐੱਲ. ਈ. ਡੀ. ਫਲੈਸ਼ ਨੂੰ ਆਨ ਕਰਨਾ ਪੈਂਦਾ ਹੈ। ਜੇ ਤੁਹਾਡੇ ਸਮਾਰਟਫੋਨ ਵਿਚ ਐੱਲ. ਈ. ਡੀ. ਫਲੈਸ਼ ਨਹੀਂ ਹੈ ਤਾਂ ਇਸ ਡਿਵਾਈਸ ਵਿਚ ਇਕ ਗ੍ਰੀਨ ਲੇਜ਼ਰ ਡਾਇਡ ਵੀ ਲੱਗਾ ਹੈ। ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਲਾਈਟ ਨੂੰ ਆਨ ਕਰਨ 'ਤੇ ਇਹ ਲਾਈਟ ਆਪਟੀਕਲ ਫਾਈਬਰ ਤੋਂ ਹੁੰਦੇ ਹੋਏ ਸੈਂਪਲਸ 'ਤੇ ਪੈਂਦੀ ਹੈ, ਜਿਸ ਨਾਲ ਸੈਂਪਲਸ ਚਮਕਣ ਲਗਦੇ ਹਨ। ਸੈਂਪਲਸ ਵਿਚ ਬਦਲ ਰਹੇ ਰੰਗ ਨੂੰ ਸਮਾਰਟਫੋਨ ਦਾ ਰੀਅਰ ਕੈਮਰਾ ਕਈ ਵਾਰ ਚੈੱਕ ਕਰਦਾ ਹੈ, ਜਿਸ ਤੋਂ ਬਾਅਦ ਐਪ 'ਤੇ ਟੈਸਟ ਦਾ ਰਿਜ਼ਲਟ ਸ਼ੋਅ ਹੋ ਜਾਂਦਾ ਹੈ।
ਇਕ ਸਮੇਂ ਵਿਚ ਮਲਟੀਪਲ ਟੈਸਟ ਸੰਭਵ
ਖਾਸ ਗੱਲ ਇਹ ਹੈ ਕਿ ਇਸ ਕਾਟਰੇਜ ਵਿਚ ਤੁਸੀਂ ਇਕ ਤੋਂ ਵੱਧ ਸੈਂਪਲਸ ਦੀ ਵੀ ਜਾਂਚ ਇਕ ਵਾਰ ਵਿਚ ਹੀ ਕਰ ਸਕਦੇ ਹੋ। ਪ੍ਰੋਫੈਸਰ ਕਨਿੰਘਮ ਦਾ ਕਹਿਣਾ ਹੈ ਕਿ ਸਾਡਾ ਟੀ. ਆਰ. ਆਈ. ਐਨਲਾਈਜ਼ਰ ਤਿੰਨ ਸਭ ਤੋਂ ਵੱਧ ਕਾਮਨ ਟੈਸਟ ਕਰਨ ਵਿਚ ਸਮਰੱਥ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਕਨੀਕ ਨਾਲ ਆਉਣ ਵਾਲੇ ਸਮੇਂ ਵਿਚ ਵਾਤਾਵਰਣ ਨਿਗਰਾਨੀ, ਦਵਾਈ ਪ੍ਰੀਖਣ, ਨਿਰਮਾਣ ਗੁਣਵੱਤਾ ਕੰਟਰੋਲ ਅਤੇ ਖੁਰਾਕ ਸੁਰੱਖਿਆ ਦੀ ਵੀ ਜਾਂਚ ਕਰਨ ਵਿਚ ਕਾਫੀ ਮਦਦ ਮਿਲੇਗੀ।