Nokia ਵੱਲੋਂ ਦੋ ਸਸਤੇ 4G ਫੀਚਰ ਫੋਨ 215 ਤੇ 225 VoLTE ਸਪੋਰਟ ਨਾਲ ਲਾਂਚ
Sunday, Oct 11, 2020 - 04:53 PM (IST)
ਨਵੀਂ ਦਿੱਲੀ— 4-ਜੀ ਫੀਚਰ ਫੋਨ ਜੋ ਵੋਲਟੇ ਤਕਨਾਲੋਜੀ ਨੂੰ ਵੀ ਸਪੋਰਟ ਕਰਦਾ ਹੋਵੇ ਖਰੀਦਣ ਦਾ ਇੰਤਜ਼ਾਰ ਕਰ ਰਹੋ ਤਾਂ ਇਹ ਉਡੀਕ ਜਲਦ ਹੀ ਖ਼ਤਮ ਹੋਣ ਵਾਲੀ ਹੈ।
ਨੋਕੀਆ ਨੇ 4-ਜੀ ਤੇ ਵੋਲਟੇ ਸਪੋਰਟ ਵਾਲੇ ਦੋ ਸਸਤੇ ਫੀਚਰ ਫੋਨ 215 ਅਤੇ 225 ਚੀਨ 'ਚ ਲਾਂਚ ਕਰ ਦਿੱਤੇ ਹਨ, ਜੋ ਜਲਦ ਹੀ ਭਾਰਤੀ ਬਾਜ਼ਾਰ 'ਚ ਵੀ ਦਸਤਕ ਦੇਣ ਜਾ ਰਹੇ ਹਨ।
ਫਿਨਲੈਂਡ ਦੀ ਕੰਪਨੀ ਐੱਚ. ਐੱਮ. ਡੀ. ਗਲੋਬਲ ਨੇ ਚੀਨ 'ਚ ਨੋਕੀਆ 215 4-ਜੀ ਨੂੰ 3,137 ਰੁਪਏ ਤੇ ਨੋਕੀਆ 225 4-ਜੀ ਨੂੰ 3,794 ਰੁਪਏ 'ਚ ਲਾਂਚ ਕੀਤਾ ਹੈ।
ਨੋਕੀਆ 215 'ਚ ਕੈਮਰਾ ਨਹੀਂ ਹੈ, ਹਾਲਾਂਕਿ ਨੋਕੀਆ 225 'ਚ ਵੀ. ਜੀ. ਏ. ਕੈਮਰਾ ਦਿੱਤਾ ਗਿਆ ਹੈ, ਜਿਸ ਨਾਲ ਲੋਕ ਸਮਾਰਟ ਫੋਨ ਦੀ ਤਰ੍ਹਾਂ ਫੋਟੋਗ੍ਰਾਫੀ ਤਾਂ ਨਹੀਂ ਕਰ ਸਕਣਗੇ ਪਰ ਕੰਮ ਚਲਾਊ ਲਾਇਕ ਫੋਟੋ ਜ਼ਰੂਰ ਖਿੱਚ ਸਕਣਗੇ। ਨੋਕੀਆ ਦੇ ਇਹ 4-ਜੀ ਫੀਚਰ ਫੋਨ ਉਨ੍ਹਾਂ ਲੋਕਾਂ ਨੂੰ ਕਾਫ਼ੀ ਪਸੰਦ ਆ ਸਕਦੇ ਹਨ, ਜੋ ਸਮਾਰਟ ਫੋਨ ਤੋਂ ਇਲਾਵਾ ਇਕ ਵਾਧੂ ਛੋਟਾ ਫੋਨ ਰੱਖਣਾ ਪਸੰਦ ਕਰਦੇ ਹਨ।
ਇਨ੍ਹਾਂ ਦੋਹਾਂ 4-ਜੀ ਫੀਚਰ ਫੋਨ 'ਚ ਐੱਲ. ਈ. ਡੀ. ਫਲੈਸ਼, ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਅਤੇ ਐੱਫ. ਐੱਮ. ਰੇਡੀਓ ਦੀ ਸਪੋਰਟ ਦਿੱਤੀ ਗਈ ਹੈ। ਨੋਕੀਆ 215 4-ਜੀ ਫੀਚਰ ਫੋਨ ਕਾਲੇ ਤੇ ਹਰੇ ਰੰਗ 'ਚ ਉਪਲਬਧ ਹੋਵੇਗਾ, ਜਦੋਂ ਕਿ ਨੋਕੀਆ 225 4-ਜੀ ਫੀਚਰ ਫੋਨ ਕਾਲੇ, ਨੀਲੇ ਤੇ ਸੁਨਹਿਰੇ ਰੰਗ 'ਚ ਉਪਲਬਧ ਹੋਵੇਗਾ। ਚੀਨ 'ਚ 215 ਦੀ ਡਿਲਿਵਰੀ 14 ਅਕਤੂਬਰ ਸ਼ੁਰੂ ਹੋ ਜਾਵੇਗੀ, ਜਦੋਂ ਕਿ 225 4-ਜੀ ਫੀਚਰ ਫੋਨ ਦੀ 17 ਅਕਤੂਬਰ ਤੋਂ ਵਿਕਰੀ ਸ਼ੁਰੂ ਹੋਵੇਗੀ।