ਸਮਾਰਟਫੋਨ ਕੰਪਨੀਆਂ ਦੀ ਨਵੀਂ ਪਾਲਿਸੀ, ਕੀਮਤ ਘਟਣ ਦੇ ਬਾਵਜੂਦ ਫੋਨ ਖ਼ਰੀਦਣਾ ਹੋਵੇਗਾ ਮਹਿੰਗਾ

Thursday, Jul 09, 2020 - 06:08 PM (IST)

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀਆਂ ਗਾਹਕਾਂ ਨੂੰ ਸਸਤੇ ਮੋਬਾਇਲ ਫੋਨ ਵੇਚਣ ਲਈ ਇਕ ਨਵੀਂ ਪਾਲਿਸੀ ਅਪਣਾ ਰਹੀਆਂ ਹਨ। ਇਸ ਤਹਿਤ ਸਮਾਰਟਫੋਨ ਕੰਪਨੀਆਂ ਆਪਣੇ ਪੱਧਰ ’ਤੇ ਗਾਹਕਾਂ ਨੂੰ ਸਸਤੇ ਸਮਾਰਟਫੋਨ ਵੇਚਣਗੀਆਂ। ਪਰ ਜਦੋਂ ਗਾਹਕ ਤਕ ਇਹ ਫੋਨ ਪੂਰੀ ਐਕਸੈਸਰੀਜ਼ ਦੇ ਨਾਲ ਪਹੁੰਚੇਗਾ ਤਾਂ ਫੋਨ ਪਹਿਲਾਂ ਦੇ ਮੁਕਾਬਲੇ ਮਹਿੰਗਾ ਹੋ ਜਾਵੇਗਾ। ਦਰਅਸਲ, ਫੋਨ ਨਿਰਮਾਤਾ ਕੰਪਨੀਆਂ ਨੇ ਫੋਨ ਦੇ ਨਾਲ ਚਾਰਜਰ ਅਤੇ ਹੈੱਡਫੋਨ ਨਾ ਦੇਣ ਦਾ ਫੈਸਲਾ ਕੀਤਾ ਹੈ। ਮਤਲਬ, ਗਾਹਕ ਨੂੰ ਫੋਨ ਦੇ ਨਾਲ ਚਾਰਜਰ ਅਤੇ ਹੈੱਡਫੋਨ ਲੈਣ ਲਈ ਅਲੱਗ ਤੋਂ ਪੈਸੇ ਖ਼ਰਚ ਕਰਨੇ ਪੈਣਗੇ। 

IANS ਦੀ ਖ਼ਬਰ ਮੁਤਾਬਕ, ਸਾਊਥ ਕੋਰੀਆਈ ਕੰਪਨੀ ਸੈਮਸੰਗ ਅਗਲੇ ਸਾਲ ਤੋਂ ਫੋਨ ਦੇ ਨਾਲ ਚਾਰਜਰ ਨਹੀਂ ਦੇਵੇਗੀ। ਸੈਮਸੰਗ ਨੇ ਕਿਹਾ ਹੈ ਕਿ ਕਈ ਲੋਕਾਂ ਕੋਲ ਪਹਿਲਾਂ ਤੋਂ ਚਾਰਜਰ ਮੌਜੂਦ ਹਨ। ਅਜਿਹੇ ’ਚ ਬਿਨ੍ਹਾਂ ਚਾਰਜਰ ਦੇ ਸਸਤੇ ’ਚ ਫੋਨ ਦੀ ਵਿਕਰੀ ਕੀਤੀ ਜਾ ਸਕੇਗੀ। ਨਾਲ ਹੀ ਚਾਰਜਰ ਨਾ ਹੋਣ ਕਾਰਨ ਫੋਨ ਬਾਕਸ ਛੋਟਾ ਹੋ ਜਾਵੇਗਾ। ਇਸ ਨਾਲ ਮੋਬਾਇਲ ਫੋਨ ਦੇ ਸ਼ਿਪਮੈਂਟ ’ਚ ਆਸਾਨੀ ਹੋਵੇਗੀ ਨਾਲ ਹੀ ਸ਼ਿਪਮੈਂਟ ਦੀ ਲਾਗਤ ’ਚ ਕਮੀ ਆਏਗੀ। ਐਪਲ ਸਮਾਰਟਫੋਨ ਨੂੰ ਲੈ ਕੇ ਵੀ ਕੁਝ ਅਜਿਹੀਆਂ ਹੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਐਪਲ ਕੰਪਨੀ ਅਗਲੇ ਸਾਲ ਤੋਂ ਫੋਨ ਬਾਕਸ ਨਾਲ ਈਅਰਪੌਡਸ ਅਤੇ ਅਡਾਪਟਰ ਨਹੀਂ ਦੇਵੇਗੀ। ਮਤਲਬ, ਐਪਲ ਆਈਫੋਨ 12 ਦੇ ਬਾਕਸ ’ਚ ਮੋਬਾਇਲ ਦੇ ਨਾਲ ਸਿਰਫ ਚਾਰਜਿੰਗ ਕੇਬਲ ਆਏਗੀ। ਜਾਣਕਾਰਾਂ ਮੁਤਾਬਕ, ਇਸ ਨਾਲ ਆਈਫੋਨ ਦੀ ਕੀਮਤ 50 ਡਾਲਰ (ਕਰੀਬ 3,500 ਰੁਪਏ) ਘੱਟ ਹੋ ਜਾਵੇਗੀ। 

ਦਰਅਸਲ, ਕੇਂਦਰ ਸਰਕਾਰ ਵਲੋਂ ਮੋਬਾਇਲ ਫੋਨ ’ਤੇ ਜੀ.ਐੱਸ.ਟੀ. ਦਰ ਨੂੰ ਵਧਾਏ ਜਾਣ ਦੇ ਨਾਲ ਹੀ ਇਨਪੁਟ ਕਾਸਟ ਵਧਣ ਕਾਰਨ ਮੋਬਾਇਲ ਫੋਨ ਕੰਪਨੀਆਂ ਲਈ ਫੋਨ ਦੀ ਕੀਮਤ ਵਧਾਉਣ ਦੀ ਚੁਣੌਤੀ ਹੈ ਪਰ ਕੋਵਿਡ-19 ਦੇ ਦੌਰ ’ਚ ਫੋਨ ਦੀ ਮੰਗ ’ਚ ਕਮੀ ਵੇਖੀ ਜਾ ਰਹੀ ਹੈ। ਅਜਿਹੇ ’ਚ ਸਮਾਰਟਫੋਨ ਨਿਰਮਾਤਾ ਕੰਪਨੀਆਂ ਚਾਰਜਰ ਅਤੇ ਹੈੱਡਫੋਨ ਦੀ ਅਲੱਗ ਤੋਂ ਵਿਕਰੀ ਕਰਕੇ ਫੋਨ ਦੀ ਕੀਮਤ ਨੂੰ ਅਫੋਰਡੇਬਲ ਪ੍ਰਾਈਜ਼ ਪੁਆਇੰਟ ’ਚ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ। 


Rakesh

Content Editor

Related News