ਬਾਰਡਰ ਦੀ ਸੁਰੱਖਿਆ ਵਧਾਏਗੀ ਨਵੀਂ AI ਡਿਟੈਕਸ਼ਨ ਟੈਕਨਾਲੋਜੀ

Friday, Nov 02, 2018 - 12:30 AM (IST)

ਬਾਰਡਰ ਦੀ ਸੁਰੱਖਿਆ ਵਧਾਏਗੀ ਨਵੀਂ AI ਡਿਟੈਕਸ਼ਨ ਟੈਕਨਾਲੋਜੀ

ਗੈਜੇਟ ਡੈਸਕ : ਬਾਰਡਰ ਚੈੱਕ ਪੁਆਇੰਟਸ ’ਤੇ ਲੋਕਾਂ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਨਵੀਂ AI ਡਿਟੈਕਸ਼ਨ ਟੈਕਨਾਲੋਜੀ ਤਿਆਰ ਕਰ ਲਈ ਗਈ ਹੈ। iBorderCtrl ਨਾਂ ਦਾ ਇਹ ਪ੍ਰੋਗਰਾਮ 6 ਮਹੀਨਿਆਂ ਲਈ ਟ੍ਰਾਇਲ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਹੰਗਰੀ, ਲਾਤਵੀਆ ਤੇ ਯੂਨਾਨ ਦੇ ਬਾਰਡਰ ਕ੍ਰਾਸਿੰਗ ਪੁਆਇੰਟਸ ’ਤੇ ਇਸ ਨਵੀਂ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, ਜੋ ਲੋਕਾਂ ਦੀ ਜਾਂਚ ਕਰਨ ’ਚ  ਕਾਫੀ ਮਦਦ ਕਰ ਰਹੀ ਹੈ।

ਕਿਵੇਂ ਕੰਮ ਕਰੇਗੀ ਨਵੀਂ ਤਕਨੀਕ?
* ਨਵੇਂ ਤਿਆਰ ਕੀਤੇ ਗਏ ਇਸ ਸਿਸਟਮ ਵਿਚ ਯੂਜ਼ਰ ਨੂੰ ਆਨਲਾਈਨ ਐਪਲੀਕੇਸ਼ਨ ਭਰਨੀ ਪਵੇਗੀ, ਜਿਸ ਵਿਚ ਪਾਸਪੋਰਟ ਆਦਿ ਵਰਗੇ ਕੁਝ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਪਵੇਗੀ।
* ਚੈਕਿੰਗ ਦੌਰਾਨ ਵਰਚੁਅਲ ਬਾਰਡਰ ਗਾਰਡ ਤੁਹਾਨੂੰ ਸਵਾਲ ਕਰਦਾ ਹੋਇਆ ਪੁੱਛੇਗਾ ਕਿ ਸੂਟਕੇਸ ਵਿਚ ਕੀ ਹੈ, ਇਸ ਨੂੰ ਖੋਲ੍ਹੋ ਅਤੇ ਇਸ ਵਿਚਲੀਆਂ ਚੀਜ਼ਾਂ ਦਿਖਾਓ। ਇਸ ਦੌਰਾਨ ਵੈੱਬਕੈਮ ਰਾਹੀਂ QR ਡਿਟੈਕਸ਼ਨ ਟੈਕਨਾਲੋਜੀ ਚਿਹਰੇ ਦੇ ਹਾਵ-ਭਾਵ ਪਤਾ ਕਰਦਿਆਂ ਮਾਈਕ੍ਰੋ ਗੈਸਚਰਸ ਨਾਲ ਪਤਾ ਲਾ ਲਵੇਗੀ ਕਿ ਯਾਤਰੀ ਝੂਠ ਬੋਲ ਰਿਹਾ ਹੈ ਜਾਂ ਸੱਚ।
* ਸੱਚ ਲੱਗਣ ’ਤੇ ਇਕ QR ਕੋਡ ਜਨਰੇਟ ਹੋਵੇਗਾ, ਜੋ ਉਸ ਨੂੰ ਅੱਗੇ ਜਾਣ ਦੀ ਇਜਾਜ਼ਤ ਦੇਵੇਗਾ, ਉੱਥੇ ਹੀ ਝੂਠ ਲੱਗਣ ’ਤੇ ਯਾਤਰੀ ਨੂੰ ਬਾਇਓਮੈਟ੍ਰਿਕ ਇਨਫਰਮੇਸ਼ਨ ਜਿਵੇਂ ਫਿੰਗਰਪ੍ਰਿੰਟ ਸਕੈਨਿੰਗ ਤੇ ਫੇਸ ਮੈਚਿੰਗ ਕਰਨੀ ਪਵੇਗੀ, ਜਿਸ ਪਿੱਛੋਂ ਇਸ ਨੂੰ ਅਧਿਕਾਰੀ ਕੋਲ ਭੇਜਿਆ ਜਾਵੇਗਾ।

76 ਫੀਸਦੀ ਤਕ ਸਾਹਮਣੇ ਆਏ ਸਹੀ ਫੈਸਲੇ

ਦੱਸ ਦੇਈਏ ਕਿ ਇਹ ਤਕਨੀਕ ਸਿਰਫ ਸੱਚ-ਝੂਠ ਦਾ ਪਤਾ ਲਾਉਣ ਵਿਚ ਮਦਦ ਕਰੇਗੀ ਪਰ ਇਨਸਾਨ ਨੂੰ ਰੋਕਣ ਲਈ ਮਨੁੱਖੀ ਏਜੰਟ ਦੀ ਹੀ ਲੋੜ ਪਵੇਗੀ। ਟੈਸਟ ਦੌਰਾਨ ਅਜੇ ਸਿਰਫ 76 ਫੀਸਦੀ ਦੀ ਸਫਲਤਾ ਦਰ ਨਾਲ ਨਤੀਜੇ ਸਾਹਮਣੇ ਆਏ ਹਨ।


Related News