ਭੁੱਲ ਕੇ ਵੀ ਨਾ ਇੰਸਟਾਲ ਕਰੋ Windows 10 ਦੀ ਨਵੀਂ ਅਪਡੇਟ, ਆ ਰਹੀ ਵੱਡੀ ਸਮੱਸਿਆ

02/21/2020 1:52:08 PM

ਗੈਜੇਟ ਡੈਸਕ– ਮਾਈਕ੍ਰੋਸਾਫਟ ਨੇ ਪਿਛਲੇ ਹਫਤੇ ਵਿੰਡੋਜ਼ 10 ਲਈ ਨਵੀਂ ਅਪਡੇਟ ਜਾਰੀ ਕੀਤੀ ਸੀ। 11 ਫਰਵਰੀ ਨੂੰ ‘ਮਾਈਕ੍ਰੋਸਾਫਟ ਪੈਚ ਟਿਊਜ਼ਡੇਅ ਪ੍ਰਗਰਾਮ’ ਦੇ ਹਿੱਸੇ ਤਹਿਤ ਲੱਖਾਂ ਵਿੰਡੋਜ਼ ਯੂਜ਼ਰਜ਼ ਨੂੰ KB4532693 ਅਪਡੇਟ ਦੀ ਨੋਟੀਫਿਕੇਸ਼ਨ ਭੇਜੀ ਗਈ ਪਰ ਇਸ ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਯੂਜ਼ਰਜ਼ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਅਪਡੇਟ ਨਾਲ ਕਈ ਯੂਜ਼ਰਜ਼ ਦੇ ਵਿੰਡੋਜ਼ ਅਕਾਊਂਟ ਆਪਣੇ ਆਪ ਡਿਲੀਟ ਹੋ ਗਏ। ਇੰਨਾ ਹੀ ਨਹੀਂ ਓਰੀਜਨਲ ਅਕਾਊਂਟ ਦੀ ਥਾਂ ਅਸਥਾਈ ਅਕਾਊਂਟ ਐਕਟਿਵੇਟ ਹੋ ਰਿਹਾ ਹੈ। ਯਾਨੀ ਇਸ ਨਾਲ ਬਿਨਾਂ ਕਿਸੇ ਵਾਰਨਿੰਗ ਦੇ ਯੂਜ਼ਰ ਦਾ ਸਾਰਾ ਡਾਟਾ, ਐਪਸ ਡਿਲੀਟ ਹੋ ਰਹੇ ਹਨ। ਹਾਲਾਂਕਿ, ਇਸ ਅਪਡੇਟ ਨੂੰ ਅਨਇੰਸਟਾਲ ਕਰਕੇ, ਕੰਪਿਊਟਰ/ਲੈਪਟਾਪ ਨੂੰ ਕਈ ਵਾਰ ਰੀਸਟਾਰਟ ਕਰਨ ’ਤੇ ਕੁਝ ਯੂਜ਼ਰਜ਼ ਦਾ ਅਸਲੀ ਅਕਾਊਂਟ ਰੀਸਟੋਰ ਹੋ ਰਿਹਾ ਹੈ ਪਰ ਇਹ ਤਰੀਕਾ ਹਰ ਯੂਜ਼ਰ ’ਤੇ ਕੰਮ ਨਹੀਂ ਕਰ ਰਿਹਾ। 

ਵਿੰਡੋਜ਼ 10 ਅਪਡੇਟ ’ਚ ਆਈ ਅਜਿਹੀ ਗੜਬੜੀ ਨੂੰ ਲੈ ਕੇ ਯੂਜ਼ਰਜ਼ ਨੇ ਗੁੱਸਾ ਜ਼ਾਹਰ ਕਰਕੇ ਸ਼ਿਕਾਇਤ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ, ‘ਨਵੀਂ ਅਪਡੇਟ ਲਈ ਧੰਨਵਾਦ ਮਾਈਕ੍ਰੋਸਾਫਟ, ਜਿਸ ਨੇ ਮੇਰੇ ਸਿਸਟਮ ’ਚੋਂ ਸਾਰੀ ਸੈਟਿੰਗ ਡਿਲੀਟ ਕਰ ਦਿੱਤੀ ਹੈ। ਸਿਸਟਮ ’ਚ ਸਭ ਕੁਝ ਬੇਸਿਕ ਸੈਟਿੰਗ ’ਤੇ ਆ ਗਿਆ ਹੈ। ਮੇਰੇ ਹਰ ਪ੍ਰੋਗਰਾਮ ਦੀ ਜਾਣਕਾਰੀ ਅਤੇ ਸੈਟਿੰਗ ਵੀ ਡਿਲੀਟ ਹੋ ਗਈ ਹੈ। ਸਿਸਟਮ ਐਪਸ ਦੇ ਪ੍ਰੋਗਰਾਮ ਵੀ ਡਿਲੀਟ ਹੋ ਗਏ ਹਨ, ਨਾਲ ਹੀ ਕੀਬੋਰਡ ਸੈਟਿੰਗ, ਭਾਸ਼ਾ, ਸਕਰੀਨ ਰੈਜ਼ੋਲਿਊਸ਼ਨ ਵੀ ਗਾਇਬ ਹੋ ਗਏ ਹਨ। ਅਪਡੇਟ ਵੀ ਹੁਣ ਬੰਦ ਹੋ ਗਏ ਹਨ।’

PunjabKesari

ਮਾਈਕ੍ਰੋਸਾਫਟ ਨੇ ਮੰਨੀ ਗਲਤੀ
ਮਾਈਕ੍ਰੋਸਾਫਟ ਨੇ ਇਸ ਸਮੱਸਿਆ ’ਤੇ ਗੱਲ ਕਰਦੇ ਹੋਏ ਮੰਨਿਆ ਹੈ ਕਿ ਇਹ ਉਨ੍ਹਾਂ ਵਲੋਂ ਵੱਡੀ ਗਲਤੀ ਹੋਈ ਹੈ। ਇਸ ਤੋਂ ਇਲਾਵਾ ਦੱਸਿਆ ਹੈ ਕਿ ਉਨ੍ਹਾਂ ਦੇ ਇੰਜੀਨੀਅਰ ਇਸ ਸਮੱਸਿਆ ਦਾ ਹੱਲ ਲੱਭਣ ’ਤੇ ਕੰਮ ਕਰ ਰਹੇ ਹਨ। 

ਇਸ ਤੋਂ ਪਹਿਲਾਂ ਮਾਈਕ੍ਰੋਸਾਫਟ ਨੇ ਸਕਿਓਰਿਟੀ ਅਪਡੇਟ KB4524244 ਨੂੰ ਡਿਲੀਟ ਕੀਤਾ ਸੀ, ਜਿਸ ਨਾਲ ਕੰਪਿਊਟਰ ’ਚ ਬਗ ਆ ਰਿਹਾ ਸੀ। ਇਸ ਅਪਡੇਟ ਨਾਲ ‘Push Button Reset’ ’ਚ ਸਮੱਸਿਆ ਪਾਈ ਗਈ ਸੀ। ਪਰ ਜਿਸ ਨਵੀਂ ਪਰੇਸ਼ਾਨੀ ਨੂੰ ਯੂਜ਼ਰਜ਼ ਰਿਪੋਰਟ ਕਰ ਰਹੇ ਹਨ, ਉਹ ਇਸ ਪੁਰਾਣੇ ਬਗ ਦੀ ਸਮੱਸਿਆ ਤੋਂ ਕਿਤੇ ਜ਼ਿਆਦਾ ਹੈ। ਇਸ ਨਾਲ ਯੂਜ਼ਰਜ਼ ਦੀਆਂ ਵੱਡੀ ਗਿਣਤੀ ’ਚ ਫਾਇਲਾਂ ਡਿਲੀਟ ਹੋ ਰਹੀਆਂ ਹਨ। ਹੁਣ ਦੇਖਣਾ ਇਹ ਹੈ ਕਿ ਮਾਈਕ੍ਰੋਸਾਫਟ ਕਦੋਂ ਤਕ ਇਸ ਨੂੰ ਫਿਕਸ ਕਰਦੀ ਹੈ। 


Related News