Meta ਨੇ ਫੇਸਬੁੱਕ-ਇੰਸਟਾਗ੍ਰਮ ਲਈ ਸ਼ੁਰੂ ਕੀਤੀ ਬਲਿਊ ਟਿਕ ਦੀ ਪੇਡ ਸਰਵਿਸ, ਦੇਣੇ ਹੋਣਗੇ ਇੰਨੇ ਪੈਸੇ
Saturday, Mar 18, 2023 - 12:32 PM (IST)

ਗੈਜੇਟ ਡੈਸਕ- ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ 'ਮੇਟਾ' ਨੇ ਆਪਣੇ ਸਬਸਕ੍ਰਿਪਸ਼ਨ ਮਾਡਲ ਨੂੰ ਅਮਰੀਕਾ 'ਚ ਲਾਂਚ ਕਰ ਦਿੱਤਾ ਹੈ। ਅਮਰੀਕਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਯੂਜ਼ਰਜ਼ ਹੁਣ 11.99 ਡਾਲਰ (ਕਰੀਬ 990 ਰੁਪਏ) ਮਹੀਨਾ ਦੇ ਕੇ ਆਪਣੇ ਅਕਾਊਂਟ ਨੂੰ ਵੈਰੀਫਾਈ ਕਰਵਾ ਸਕਦੇ ਹਨ, ਹਾਲਾਂਕਿ ਇਹ ਫੀਸ ਮੋਬਾਇਲ ਵਰਜ਼ਨ ਲਈ ਹੈ। ਵੈੱਬ ਵਰਜ਼ਨ ਲਈ 14.99 ਡਾਲਰ (ਕਰੀਬ 1,240 ਰੁਪਏ) ਖਰਚਣੇ ਪੈਣਗੇ। ਮੇਟਾ ਦੇ ਸਬਸਕ੍ਰਿਪਸ਼ਨ ਆਧਾਰਿਤ ਵੈਰੀਫਿਕੇਸ਼ਨ ਫੀਚਰ ਦੀ ਟੈਸਟਿੰਗ ਇਸੇ ਸਾਲ ਫਰਵਰੀ ਤੋਂ ਹੋ ਰਹੀ ਸੀ।
ਐਲਨ ਮਸਕ ਨੇ ਕਰੀਬ 3,63,300 ਕਰੋੜ ਰੁਪਏ 'ਚ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੂੰ ਖਰੀਦਣ ਤੋਂ ਬਾਅਦ ਬਲਿਊ ਟਿਕ ਸਬਸਕ੍ਰਿਪਸ਼ਨ ਮਾਡਲ ਨੂੰ ਪੇਸ਼ ਕੀਤਾ ਸੀ। ਟਵਿਟਰ ਬਲਿਊ ਸਬਸਕ੍ਰਿਪਸ਼ਨ ਮਾਡਲ ਤਹਿਤ ਯੂਜ਼ਰਜ਼ ਪੈਸੇ ਦੇ ਕੇ ਆਪਣੇ ਅਕਾਊਂਟ ਨੂੰ ਵੈਰੀਫਾਈ ਕਰਵਾ ਸਕਦੇ ਹਨ।
ਮੇਟਾ ਦੇ ਪੇਡ ਵੈਰੀਫਿਕੇਸ਼ਨ ਫੀਚਰ ਨੂੰ ਸਭ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਲਾਂਚ ਕੀਤਾ ਗਿਆ ਸੀ। ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਨੂੰ ਵੈਰੀਫਾਈ ਕਰਵਾਉਣ ਲਈ ਸਰਕਾਰੀ ਪਛਾਣ ਪੱਤਰ ਦੇਣਾ ਹੋਵੇਗਾ। ਪੈਸੇ ਦੇਣ ਵਾਲੇ ਯੂਜ਼ਰਜ਼ ਨੂੰ ਡਾਇਰੈਕਟ ਕਸਟਮਰ ਸਪੋਰਟ ਮਿਲੇਗਾ ਅਤੇ ਉਨ੍ਹਾਂ ਦੇ ਪੋਸਟ ਨੂੰ ਜ਼ਿਆਦਾ ਰੀਚ ਵੀ ਮਿਲੇਗੀ।
ਟਵਿਟਰ ਪਹਿਲਾਂ ਹੀ ਕਰ ਚੁੱਕਾ ਹੈ ਐਲਾਨ
ਇਸਤੋਂ ਪਹਿਲਾਂ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿਟਰ ਨੇ ਹਾਲ ਹੀ 'ਚ ਪੇਡ ਸਬਸਕ੍ਰਿਪਸ਼ਨ ਸਰਵਿਸ ਟਵਿਟਰ ਬਲਿਊ ਨੂੰ ਲਾਂਚ ਕੀਤਾ ਸੀ। ਭਾਰਤ 'ਚ ਬਲਿਊ ਟਿਕ ਲੈਣ ਅਤੇ ਪ੍ਰੀਮੀਅਮ ਸਬਸਕ੍ਰਿਪਸ਼ਨ ਸਰਵਿਸ ਦੇ ਫੀਚਰਜ਼ ਦਾ ਇਸਤੇਮਾਲ ਕਰਨ ਲਈ ਮੋਬਾਇਲ ਯੂਜ਼ਰਜ਼ ਨੂੰ 900 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ।
ਉੱਥੇ ਹੀ ਕੰਪਨੀ ਨੇ 650 ਰੁਪਏ 'ਚ ਸਭ ਤੋਂ ਘੱਟ ਕੀਮਤ ਵਾਲਾ ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਵੀ ਜਾਰੀ ਕੀਤਾ ਸੀ। ਇਹ ਪਲਾਨ ਵੈੱਬ ਯੂਜ਼ਰਜ਼ ਲਈ ਹੈ। ਦੱਸ ਦੇਈਏ ਕਿ ਕੰਪਨੀ ਨੇ ਟਵਿਟਰ ਬਲਿਊ ਨੂੰ ਪਿਛਲੇ ਸਾਲ ਹੀ ਨਵੇਂ ਰੂਪ 'ਚ ਜਾਰੀ ਕੀਤਾ ਸੀ। ਇਸ ਨੂੰ ਪਹਿਲਾਂ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਾਪਾਨ ਸਣੇ ਕੁਝ ਦੇਸ਼ਾਂ 'ਚ ਲਾਂਚ ਕੀਤਾ ਗਿਆ ਸੀ।