ਅਪ੍ਰੈਲ ’ਚ 4ਜੀ ਡਾਊਨਲੋਡ ਦੀ ਰਫਤਾਰ ’ਚ ਜੀਓ ਚੋਟੀ ’ਤੇ, ਵੋਡਾਫੋਨ ਅਪਲੋਡ ’ਚ ਸਭ ਤੋਂ ਅੱਗੇ
Friday, May 14, 2021 - 01:12 PM (IST)

ਨਵੀਂ ਦਿੱਲੀ– ਦੂਰਸੰਚਾਰ ਰੈਗੂਲੇਟਰੀ ਟ੍ਰਾਈ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਪ੍ਰੈਲ ’ਚ 20.1 ਮੈਗਾਬਾਈਟ ਪ੍ਰਤੀ ਸਕਿੰਟ (ਐੱਮ. ਬੀ. ਪੀ. ਐੱਸ.) ਦੀ ਡਾਟਾ ਡਾਊਨਲੋਡ ਰੇਟ ਨਾਲ ਰਿਲਾਇੰਸ ਜੀਓ 4ਜੀ ਰਫਤਾਰ ਦੀ ਸੂਚੀ ’ਚ ਚੋਟੀ ’ਤੇ ਸੀ ਜਦੋਂ ਕਿ 6.7 ਐੱਮ. ਬੀ. ਪੀ. ਐੱਸ. ਦੀ ਅਪਲੋਡ ਰਫਤਾਰ ਨਾਲ ਵੋਡਾਫੋਨ ਅਪਲੋਡ ਰੇਟ ’ਚ ਸਭ ਤੋਂ ਅੱਗੇ ਸੀ। ਨੇੜਲੇ ਮੁਕਾਬਲੇਬਾਜ਼ ਵੋਡਾਫੋਨ ਦੀ ਤੁਲਨਾ ’ਚ ਜੀਓ ਦੀ ਡਾਊਨਲੋਡ ਦੀ ਰਫਤਾਰ ਤਿੰਨ ਗੁਣਾ ਵੱਧ ਸੀ। ਹਾਲਾਂਕਿ ਵੋਡਾਫੋਨ ਅਤੇ ਆਈਡੀਆ ਸੈਲਯੂਲਰ ਨੇ ਆਪਣੇ ਮੋਬਾਇਲ ਕਾਰੋਬਾਰ ਦਾ ਵੋਡਾਫੋਨ ਆਈਡੀਆ ਲਿਮਟਿਡ ਦੇ ਰੂਪ ’ਚ ਰਲੇਵਾਂ ਕਰ ਲਿਆ ਹੈ, ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟ੍ਰਾਈ) ਦੋਵੇਂ ਹੀ ਇਕਾਈਆਂ ਦੇ ਨੈੱਟਵਰਕ ਰਫਤਾਰ ਦਾ ਵੱਖ-ਵੱਖ ਅੰਕੜਾ ਜਾਰੀ ਕਰਦਾ ਹੈ।
ਟ੍ਰਾਈ ਵਲੋਂ 11 ਮਈ ਨੂੰ ਪਾਏ ਗਏ ਨਵੇਂ ਅੰਕੜਿਆਂ ਮੁਤਾਬਕ ਅਪ੍ਰੈਲ ’ਚ ਵੋਡਾਫੋਨ ਦੀ ਡਾਊਨਲੋਡ ਦੀ ਰਫਤਾਰ ਸੱਤ ਐੱਮ. ਬੀ. ਪੀ. ਐੱਸ. ਸੀ। ਇਸ ਤੋਂ ਬਾਅਦ ਆਈਡੀਆ ਅਤੇ ਭਾਰਤੀ ਏਅਰਟੈੱਲ ਦੀ ਡਾਊਨਲੋਡ ਦੀ ਰਫਤਾਰ ਲੜੀਵਾਰ 5.8 ਅਤੇ 5 ਐੱਮ. ਬੀ. ਪੀ. ਐੱਸ. ਸੀ.। ਅਪਲੋਡ ਵਰਗ ’ਚ 6.7 ਐੱਮ. ਬੀ. ਪੀ. ਐੱਸ. ਦੀ ਰਫਤਾਰ ਨਾਲ ਵੋਡਾਫੋਨ ਪਹਿਲੇ, 6.1 ਐੱਮ. ਬੀ. ਪੀ. ਐੱਸ. ਨਾਲ ਆਈਡੀਆ ਦੂਜੇ, 4.2 ਐੱਮ. ਬੀ. ਪੀ. ਐੱਸ. ਨਾਲ ਜੀਓ ਤੀਜੇ ਅਤੇ 3.9 ਐੱਮ. ਬੀ. ਪੀ. ਐੱਸ. ਰਫਤਾਰ ਨਾਲ ਏਅਰਟੈੱਲ ਚੌਥੇ ਸਥਾਨ ’ਤੇ ਸੀ।
ਡਾਊਨਲੋਡ ਦੀ ਰਫਤਾਰ ਨਾਲ ਖਪਤਕਾਰਾਂ ਨੂੰ ਇੰਟਰਨੈੱਟ ਤੋਂ ਸਮੱਗਰੀ ਹਾਸਲ ਕਰਨ ’ਚ ਮਦਦ ਮਿਲਦੀ ਹੈ ਜਦੋਂ ਕਿ ਅਪਲੋਡ ਦੀ ਰਫਤਾਰ ਉਨ੍ਹਾਂ ਨੂੰ ਆਪਣੇ ਸੰਪਰਕਾਂ ਨੂੰ ਤਸਵੀਰਾਂ ਜਾਂ ਵੀਡੀਓ ਭੇਜਣ ਜਾਂ ਸਾਂਝਾ ਕਰਨ ’ਚ ਮਦਦ ਮਿਲਦੀ ਹੈ। ਟ੍ਰਾਈ ਰੀਅਲ-ਟਾਈਮ ਦੇ ਆਧਾਰ ’ਤੇ ਆਫਣੇ ਮਾਈਸਪੀਡ ਐਪਲੀਕੇਸ਼ਨ ਦੀ ਮਦਦ ਨਾਲ ਦੇਸ਼ ਭਰ ਤੋਂ ਜੁਟਾਏ ਜਾਣ ਵਾਲੇ ਅੰਕੜਿਆਂ ਦੇ ਹਿਸਾਬ ਨਾਲ ਔਸਤ ਰਫਤਾਰ ਦੀ ਗਣਨਾ ਕਰਦਾ ਹੈ।