ਦਸੰਬਰ 2025 ਤੋਂ ਮਹਿੰਗੇ ਹੋਣਗੇ ਮੋਬਾਈਲ Recharge Plan! Jio, Airtel ਤੇ Vi ਦੇ ਸਕਦੇ ਨੇ ਵੱਡਾ ਝਟਕਾ
Friday, Nov 07, 2025 - 04:11 PM (IST)
ਨਵੀਂ ਦਿੱਲੀ : ਜੇਕਰ ਤੁਸੀਂ ਜੀਓ (Jio), ਏਅਰਟੈੱਲ (Airtel) ਜਾਂ ਵੋਡਾਫੋਨ ਆਈਡੀਆ (Vi) ਦੇ ਯੂਜ਼ਰ ਹੋ ਤਾਂ ਇਹ ਖ਼ਬਰ ਤੁਹਾਡੀ ਜੇਬ 'ਤੇ ਸਿੱਧਾ ਅਸਰ ਪੈਣ ਵਾਲਾ ਹੈ। ਰਿਪੋਰਟਾਂ ਮੁਤਾਬਕ, ਤਿੰਨੋਂ ਵੱਡੀਆਂ ਟੈਲੀਕਾਮ ਕੰਪਨੀਆਂ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਤਿਆਰੀ ਕਰ ਰਹੀਆਂ ਹਨ, ਜੋ ਦਸੰਬਰ 2025 ਤੋਂ ਲਾਗੂ ਹੋ ਸਕਦਾ ਹੈ।
ਮਾਰਕੀਟ ਵਿਸ਼ਲੇਸ਼ਕਾਂ ਦੇ ਮੁਤਾਬਕ, ਇਸ ਵਾਰ ਰੀਚਾਰਜ ਪਲਾਨ ਦੀਆਂ ਕੀਮਤਾਂ 'ਚ 10 ਫੀਸਦੀ ਤੋਂ 15 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਕਿਹੜੇ ਪਲਾਨ 'ਤੇ ਪਵੇਗਾ ਜ਼ਿਆਦਾ ਅਸਰ?
ਇਸ ਵਾਧੇ ਦਾ ਸਭ ਤੋਂ ਵੱਡਾ ਅਸਰ ਪ੍ਰੀਪੇਡ ਅਤੇ ਡੇਲੀ ਡਾਟਾ ਵਾਲੇ ਪਲਾਨਾਂ 'ਤੇ ਪਵੇਗਾ।
* ਉਦਾਹਰਣ ਵਜੋਂ, 199 ਰੁਪਏ ਵਾਲੇ ਮਾਸਿਕ ਪਲਾਨ ਦੀ ਕੀਮਤ ਲਗਭਗ 222 ਰੁਪਏ ਤੱਕ ਪਹੁੰਚ ਸਕਦੀ ਹੈ।
* ਜਿਹੜਾ ਪਲਾਨ ਤੁਸੀਂ ਹੁਣ 299 ਰੁਪਏ 'ਚ 28 ਦਿਨਾਂ ਲਈ (2GB/ਦਿਨ) ਖਰੀਦਦੇ ਹੋ, ਉਸਦੀ ਕੀਮਤ ਵਧ ਕੇ 330 ਤੋਂ 345 ਰੁਪਏ ਤੱਕ ਹੋ ਸਕਦੀ ਹੈ।
* 84 ਦਿਨਾਂ ਦੀ ਵੈਧਤਾ ਵਾਲਾ 2GB/ਦਿਨ ਦਾ ਪਲਾਨ ਵੀ ਲਗਭਗ 949 ਰੁਪਏ ਤੋਂ 999 ਰੁਪਏ ਤੱਕ ਮਹਿੰਗਾ ਹੋ ਸਕਦਾ ਹੈ।
* ਸਾਲਾਨਾ ਪੈਕ, ਜਿਸਦੀ ਕੀਮਤ ਹੁਣ 899 ਰੁਪਏ ਹੈ, ਉਹ ਵਧ ਕੇ 1,000 ਰੁਪਏ ਦੇ ਕਰੀਬ ਹੋ ਸਕਦਾ ਹੈ।
ਇਹ ਟੈਰਿਫ ਵਾਧਾ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਯੂਜ਼ਰਸ ਨੂੰ ਪ੍ਰਭਾਵਿਤ ਕਰੇਗਾ। ਹਾਲਾਂਕਿ, ਰਿਪੋਰਟਾਂ ਮੁਤਾਬਕ, ਪੋਸਟਪੇਡ ਯੂਜ਼ਰਸ ਲਈ ਵਾਧਾ ਥੋੜ੍ਹਾ ਘੱਟ (8 ਫੀਸਦੀ ਤੋਂ 10 ਫੀਸਦੀ ਤੱਕ) ਹੋ ਸਕਦਾ ਹੈ।
ਕਿਉਂ ਵਧ ਰਹੇ ਹਨ ਰੇਟ?
ਮਾਰਕੀਟ ਵਿਸ਼ਲੇਸ਼ਕ ਕੈਟਾ ਪਾਲ (Cata Paul) ਦੇ ਮੁਤਾਬਕ, ਟੈਲੀਕਾਮ ਕੰਪਨੀਆਂ ਲਈ ਇਹ ਵਾਧਾ ਜ਼ਰੂਰੀ ਹੈ ਕਿਉਂਕਿ ਉਹ ਹੁਣ ਪ੍ਰਤੀ ਯੂਜ਼ਰ ਔਸਤਨ 200 ਰੁਪਏ ਤੋਂ ਵੱਧ ਦਾ ਮਾਲੀਆ (ARPU) ਹਾਸਲ ਕਰਨਾ ਚਾਹੁੰਦੀਆਂ ਹਨ, ਜੋ ਕਿ ਫਿਲਹਾਲ 180-195 ਰੁਪਏ ਦੇ ਵਿਚਕਾਰ ਹੈ। 5G ਨੈੱਟਵਰਕ ਦੇ ਵਿਸਥਾਰ, ਨਵੇਂ ਬੁਨਿਆਦੀ ਢਾਂਚੇ ਤੇ ਭਾਰੀ ਕਰਜ਼ੇ (ਜਿਵੇਂ ਕਿ Vi ਦਾ 2.1 ਲੱਖ ਕਰੋੜ ਰੁਪਏ ਦਾ ਕਰਜ਼ਾ) ਦੇ ਮੱਦੇਨਜ਼ਰ, ਕੰਪਨੀਆਂ ਨੂੰ ਜ਼ਿਆਦਾ ਕਮਾਈ ਦੀ ਲੋੜ ਹੈ।
ਦਿਲਚਸਪ ਗੱਲ ਇਹ ਹੈ ਕਿ ਜੀਓ (Jio) ਆਪਣੇ IPO ਤੋਂ ਪਹਿਲਾਂ ਔਸਤਨ 15 ਫੀਸਦੀ ਤੱਕ ਰੇਟ ਵਧਾਉਣ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ।
ਯੂਜ਼ਰਸ ਕਿਵੇਂ ਕਰ ਸਕਦੇ ਹਨ ਬੱਚਤ?
ਜੇਕਰ ਤੁਸੀਂ ਇਸ ਮਹਿੰਗਾਈ ਤੋਂ ਬਚਣਾ ਚਾਹੁੰਦੇ ਹੋ, ਤਾਂ ਮਾਹਿਰਾਂ ਦੀ ਸਲਾਹ ਹੈ ਕਿ ਤੁਸੀਂ ਨਵੰਬਰ 2025 ਵਿੱਚ ਹੀ ਲੰਬੀ ਵੈਧਤਾ ਵਾਲੇ ਰੀਚਾਰਜ ਕਰਵਾ ਲਓ। ਅਜਿਹਾ ਕਰਨ ਨਾਲ ਤੁਸੀਂ ਮੌਜੂਦਾ ਦਰਾਂ 'ਤੇ ਅਗਲੇ ਕਈ ਮਹੀਨਿਆਂ ਤੱਕ ਸੇਵਾਵਾਂ ਦਾ ਲਾਭ ਲੈ ਸਕੋਗੇ। ਵਿਸ਼ੇਸ਼ਗਾਂ ਅਨੁਸਾਰ, BSNL ਫਿਲਹਾਲ ਇਸ ਵਾਧੇ ਤੋਂ ਦੂਰ ਰਹਿ ਸਕਦਾ ਹੈ।
