ਸ਼ੋਅਰੂਮ ''ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ ਚੈੱਕ
Tuesday, Jun 16, 2026 - 07:24 PM (IST)
ਆਟੋ ਡੈਸਕ- ਜਦੋਂ ਵੀ ਅਸੀਂ ਨਵੀਂ ਕਾਰ ਖਰੀਦਣ ਜਾਂਦੇ ਹਾਂ, ਤਾਂ ਬਹੁਤ ਖੁਸ਼ੀ ਅਤੇ ਉਤਸ਼ਾਹ ਹੁੰਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ੋਅਰੂਮ 'ਚ ਨਵੀਂ ਦੱਸ ਕੇ ਵੇਚੀ ਜਾ ਰਹੀ ਕਾਰ ਅਸਲ ਵਿੱਚ ਕਿੰਨੀ ਪੁਰਾਣੀ ਹੈ? ਕਈ ਵਾਰ ਕਾਰ ਦੇ ਬਣਨ ਅਤੇ ਵਿਕਣ ਦੀ ਤਾਰੀਖ ਵਿਚਕਾਰ ਕਈ ਮਹੀਨਿਆਂ ਜਾਂ ਸਾਲ ਤੋਂ ਵੱਧ ਦਾ ਅੰਤਰ ਹੋ ਸਕਦਾ ਹੈ। ਕਾਰ ਦੀ ਉਮਰ ਦਾ ਅਸਰ ਉਸ ਦੀ ਵਾਰੰਟੀ, ਬੀਮਾ ਅਤੇ ਭਵਿੱਖ ਵਿੱਚ ਮਿਲਣ ਵਾਲੀ ਰੀਸੇਲ ਵੈਲਿਊ 'ਤੇ ਪੈਂਦਾ ਹੈ। ਇਸ ਲਈ ਨਵੀਂ ਕਾਰ ਖਰੀਦਣ ਵੇਲੇ ਸਿਰਫ ਮਾਡਲ ਅਤੇ ਫੀਚਰ ਦੇਖਣਾ ਹੀ ਕਾਫ਼ੀ ਨਹੀਂ, ਸਗੋਂ ਉਸ ਦੀ ਅਸਲੀ ਉਮਰ ਦੀ ਜਾਂਚ ਕਰਨਾ ਵੀ ਬਹੁਤ ਜ਼ਰੂਰੀ ਹੈ।
ਇੰਝ ਪਤਾ ਕਰੋ ਕਾਰ ਦੀ ਅਸਲੀ ਉਮਰ
VIN (ਵ੍ਹੀਕਲ ਆਈਡੈਂਟੀਫਿਕੇਸ਼ਨ ਨੰਬਰ): ਕਾਰ ਦੀ ਉਮਰ ਪਤਾ ਕਰਨ ਦਾ ਸਭ ਤੋਂ ਭਰੋਸੇਮੰਦ ਤਰੀਕਾ ਉਸ ਦਾ 17 ਅੰਕਾਂ ਵਾਲਾ VIN ਜਾਂ ਚੈਸਿਸ ਨੰਬਰ ਚੈੱਕ ਕਰਨਾ ਹੈ। ਇਸ ਨੰਬਰ ਦਾ 10ਵਾਂ ਅੰਕ ਕਾਰ ਦੇ ਨਿਰਮਾਣ ਦੇ ਸਾਲ ਬਾਰੇ ਜਾਣਕਾਰੀ ਦਿੰਦਾ ਹੈ। ਇਹ ਨੰਬਰ ਆਮ ਤੌਰ 'ਤੇ ਡੈਸ਼ਬੋਰਡ, ਡਰਾਈਵਰ ਵਾਲੇ ਪਾਸੇ ਦੇ ਦਰਵਾਜ਼ੇ ਜਾਂ ਇੰਜਣ ਦੇ ਨੇੜੇ ਲਿਖਿਆ ਹੁੰਦਾ ਹੈ।
ਟਾਇਰਾਂ ਦੀ ਜਾਂਚ: ਟਾਇਰਾਂ 'ਤੇ ਲਿਖਿਆ ਚਾਰ ਅੰਕਾਂ ਦਾ ਕੋਡ ਵੀ ਕਾਰ ਦੀ ਉਮਰ ਦੱਸ ਸਕਦਾ ਹੈ। ਉਦਾਹਰਨ ਲਈ, ਜੇਕਰ ਟਾਇਰ 'ਤੇ '2322' ਲਿਖਿਆ ਹੈ, ਤਾਂ ਇਸ ਦਾ ਮਤਲਬ ਹੈ ਕਿ ਟਾਇਰ ਸਾਲ 2022 ਦੇ 23ਵੇਂ ਹਫ਼ਤੇ ਵਿੱਚ ਬਣਿਆ ਸੀ। ਜੇਕਰ ਟਾਇਰ ਬਹੁਤ ਪੁਰਾਣੇ ਹਨ, ਤਾਂ ਇਹ ਸੰਕੇਤ ਹੈ ਕਿ ਕਾਰ ਲੰਬੇ ਸਮੇਂ ਤੋਂ ਸਟਾਕ ਯਾਰਡ ਵਿੱਚ ਖੜ੍ਹੀ ਸੀ।
ਬੈਟਰੀ ਅਤੇ ਓਡੋਮੀਟਰ: ਲੰਬੇ ਸਮੇਂ ਤੱਕ ਖੜ੍ਹੀ ਰਹਿਣ ਨਾਲ ਬੈਟਰੀ ਦੀ ਸਮਰੱਥਾ ਘਟ ਸਕਦੀ ਹੈ, ਇਸ ਲਈ ਬੈਟਰੀ ਦੀ ਮੈਨੂਫੈਕਚਰਿੰਗ ਤਾਰੀਖ ਵੀ ਚੈੱਕ ਕਰੋ। ਇਸ ਤੋਂ ਇਲਾਵਾ, ਨਵੀਂ ਕਾਰ ਦੇ ਓਡੋਮੀਟਰ 'ਤੇ ਰੀਡਿੰਗ ਆਮ ਤੌਰ 'ਤੇ 10 ਤੋਂ 50 ਕਿਲੋਮੀਟਰ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਮਾਹਿਰਾਂ ਅਨੁਸਾਰ, 3-4 ਮਹੀਨੇ ਪੁਰਾਣੀ ਕਾਰ ਖਰੀਦਣਾ ਠੀਕ ਮੰਨਿਆ ਜਾਂਦਾ ਹੈ ਪਰ ਜੇਕਰ ਕਾਰ ਇਸ ਤੋਂ ਜ਼ਿਆਦਾ ਪੁਰਾਣੀ ਹੈ, ਤਾਂ ਗਾਹਕ ਡੀਲਰ ਤੋਂ ਵਾਧੂ ਛੋਟ ਦੀ ਮੰਗ ਕਰ ਸਕਦਾ ਹੈ ਜਾਂ ਫਿਰ ਦੂਜੀ ਕਾਰ ਬਦਲ ਕੇ ਦੇਣ ਦੀ ਮੰਗ ਵੀ ਕਰ ਸਕਦਾ ਹੈ। ਨਿਰਮਾਣ ਪਲੇਟ, ਜੋ ਕਿ ਬੋਨਟ ਦੇ ਹੇਠਾਂ ਜਾਂ ਡਰਾਈਵਰ ਵਾਲੇ ਪਾਸੇ ਦੇ ਦਰਵਾਜ਼ੇ ਦੇ ਅੰਦਰ ਹੁੰਦੀ ਹੈ, ਉਸ 'ਤੇ ਲਿਖੇ ਮਹੀਨੇ ਅਤੇ ਸਾਲ ਦੀ ਵੀ ਪੁਸ਼ਟੀ ਜ਼ਰੂਰ ਕਰੋ।
