ਹੁਣ ਗੂਗਲ ਮੈਪਸ ਦੀ ਮਦਦ ਨਾਲ ਲੱਭੋ ਪਬਲਿਕ ਟਾਇਲਟ
Thursday, Dec 22, 2016 - 04:26 PM (IST)

ਜਲੰਧਰ- ਅਕਤੂਬਰ ''ਚ ਖਬਰ ਆਈ ਸੀ ਕਿ ਗੂਗਲ ਇਕ ਨਵੇਂ ਫੀਚਰ ''ਟਾਇਲਟ ਲੋਕੇਟਰ'' ''ਤੇ ਕੰਮ ਕਰ ਰਿਹਾ ਹੈ। ਵੀਰਵਾਰ ਨੂੰ ਗੂਗਲ ਨੇ ਇਸ ਫੀਚਰ ਨੂੰ ਲਾਂਚ ਕਰ ਦਿੱਤਾ ਹੈ। ਗੂਗਲ ਮੈਪਸ ਨੇ ਹੁਣ ਦਿੱਲੀ-ਐੱਨ.ਸੀ.ਆਰ. ਅਤੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਪਬਲਿਕ ਟਾਇਲਟ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦਿੱਤਾ ਹੈ।
ਇਸ ਨਵੇਂ ਫੀਚਰ ਦੀ ਵਰਤੋਂ ਲਈ ਐਂਡਰਾਇਡ, ਆਈ.ਓ.ਐੱਸ. ਅਤੇ ਡੈਸਕਟਾਪ ਯੂਜ਼ਰ ਨੂੰ ਗੂਗਲ ਮੈਪਸ ''ਚ ''ਪਬਲਿਕ ਟਾਇਲਟ'' ਸਰਚ ਕਰਨਾ ਹੋਵੇਗਾ। ਇਸ ਤੋਂ ਬਾਅਦ ਆਲੇ-ਦੁਆਲੇ ਸਥਿਤ ਟਾਇਲਟ ਦੀ ਜਾਣਕਾਰੀ ਮਿਲ ਜਾਵੇਗੀ। ਇਸ ਜਾਣਕਾਰੀ ''ਚ ਉਨ੍ਹਾਂ ਦਾ ਪਤਾ ਅਤੇ ਖੁਲ੍ਹਣ ਦਾ ਸਮਾਂ ਵੀ ਲਿਖਿਆ ਹੋਵੇਗਾ। ਇਹ ਫੀਚਰ ਹਿੰਦੀ ਅਤੇ ਅੰਗਰੇਜੀ ''ਚ ਉਪਲੱਬਧ ਹੈ। ਲੋਕ ਗੂਗਲ ਮੈਪਸ ਦੁਆਰਾ ਦੱਸੇ ਗਏ ਟਾਇਲਟ ਦੀ ਸਾਫ-ਸਫਾਈ ਨੂੰ ਰੇਟ ਕਰਨ ਤੋਂ ਇਲਾਵਾ ਰੀਵਿਊ ਵੀ ਲਿਖ ਸਕਣਗੇ। ਟਾਇਲਟ ਲੋਕੇਟਰ ਫੀਚਰ ਨੂੰ ਗੂਗਲ ਮੈਪਸ ''ਚ ਸ਼ਹਿਰੀ ਵਿਕਾਸ ਮੰਤਰਾਲੇ ਦੇ ਨਾਲ ਮਿਲ ਕੇ ਜੋੜਿਆ ਗਿਆ ਹੈ। ਗੂਗਲ ਦੀ ਮੈਪ ਸਰਵਿਸ ''ਚ 4,000 ਤੋਂ ਜ਼ਿਆਦਾ ਜਨਤਕ ਰੈਸਟਰੂਮ ਦੀ ਜਾਣਕਾਰੀ ਸ਼ਾਮਲ ਹੈ।
ਗੂਗਲ ਦਾ ਕਹਿਣਾ ਹੈ ਕਿ ਇਸ ਫੀਚਰ ਲਈ ਅਜੇ ਦਿੱਲੀ, ਗਾਜ਼ੀਆਬਾਦ, ਗੁਰੂਗ੍ਰਾਮ, ਨੋਇਡਾ, ਫਰੀਦਾਬਾਦ, ਭੋਪਾਲ ਅਤੇ ਇੰਦੌਰ ਨੂੰ ਚੁਣਿਆ ਗਿਆ ਹੈ। ਕੰਪਨੀ ਨੇ ਆਪਣੇ ਇਕ ਬਿਆਨ ''ਚ ਦੱਸਿਆ ਕਿ ਸ਼ਹਿਰੀ ਵਿਕਾਸ ਮੰਤਰਾਲੇ ਦੀ ਯੋਜਨਾ ਪਬਲਿਕ ਟਾਇਲਟ ਦੀ ਜਾਣਕਾਰੀ ਨੂੰ ਹੋਰ ਜ਼ਿਆਦਾ ਸ਼ਹਿਰਾਂ ''ਚ ਮੁੱਹਈਆ ਕਰਾਉਣਾ ਹੈ।