ਗੂਗਲ ਮੈਪਸ 'ਚ ਆਉਣ ਵਾਲਾ ਹੈ ਵੱਡਾ ਅਪਡੇਟ, ਮੋਬਾਇਲ 'ਤੇ ਮਿਲ ਜਾਵੇਗੀ 'ਟਰੈਫਿਕ ਸਿਗਨਲ' ਦੀ ਜਾਣਕਾਰੀ
Friday, Jul 10, 2020 - 09:48 PM (IST)

ਗੈਜੇਟ ਡੈਸਕ—ਇਸ ਸਮਾਰਟਫੋਨ ਦੀ ਹਾਈਟੈੱਕ ਦੁਨੀਆ 'ਚ ਸ਼ਾਇਦ ਹੀ ਕੋਈ ਕਿਸੇ ਤੋਂ ਰਸਤਾ ਪੁੱਛਦਾ ਹੋਵੇ। ਅੱਜ-ਕੱਲ ਸਾਰੇ ਲੋਕਾਂ ਕੋਲ ਸਮਾਰਟਫੋਨ ਹਨ ਅਤੇ ਸਾਰੇ ਸਮਾਰਟਫੋਨ 'ਚ ਮੈਪਿੰਗ ਐਪ ਹਨ। ਜੇਕਰ ਤੁਹਾਡੇ ਕੋਲ ਐਂਡ੍ਰਾਇਡ ਫੋਨ ਹੈ ਤਾਂ ਉਸ 'ਚ ਗੂਗਲ ਮੈਪਸ ਹੋਵੇਗਾ ਅਤੇ ਐਪਲ ਦਾ ਆਈਫੋਨ ਹੈ ਤਾਂ ਉਸ 'ਚ ਤੁਹਾਨੂੰ ਐਪਲ ਮੈਪਸ ਮਿਲੇਗਾ। ਲੋਕਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਗੂਗਲ ਅਤੇ ਐਪਲ ਵਰਗੀਆਂ ਕੰਪਨੀਆਂ ਆਪਣੇ ਮੈਪਿੰਗ ਐਪ ਨੂੰ ਲਗਾਤਾਰ ਅਪਡੇਟ ਕਰ ਰਹੀਆਂ ਹਨ ਅਤੇ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਫੀਚਰਸ ਜਾਰੀ ਕਰ ਰਹੀਆਂ ਹਨ। ਇਸ ਦੌਰਾਨ ਹੁਣ ਗੂਗਲ ਮੈਪਸ 'ਚ ਵੱਡਾ ਫੀਚਰ ਆਉਣ ਵਾਲਾ ਹੈ। ਗੂਗਲ ਮੈਪਸ ਹੁਣ ਲੋਕਾਂ ਨੂੰ ਟ੍ਰੈਫਿਕ ਸਿਗਨਲ ਦੇ ਬਾਰੇ 'ਚ ਵੀ ਜਾਣਕਾਰੀ ਦੇਵੇਗਾ।
ਦੂਜੇ ਸ਼ਬਦਾਂ 'ਚ ਕਹੀਏ ਤਾਂ ਜਿਸ ਤਰ੍ਹਾਂ ਗੂਗਲ ਤੁਹਾਨੂੰ ਮੌਜੂਦਾ ਸਮੇਂ 'ਚ ਟ੍ਰੈਫਿਕ ਜਾਮ ਦੇ ਬਾਰੇ 'ਚ ਦੱਸਦਾ ਹੈ ਤਾਂ ਉਸੇ ਤਰ੍ਹਾਂ ਹੀ ਤੁਹਾਨੂੰ ਟ੍ਰੈਫਿਕ ਸਿਗਨਲ ਰੈੱਡ ਹੈ ਜਾਂ ਗ੍ਰੀਨ ਇਸ ਦੇ ਬਾਰੇ 'ਚ ਵੀ ਜਾਣਕਾਰੀ ਦੇਵੇਗਾ। ਗੂਗਲ ਮੈਪਸ 'ਚ ਇਸ ਫੀਚਰ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਨੂੰ ਗਲੋਬਲੀ ਜਾਰੀ ਕਰ ਦਿੱਤਾ ਜਾਵੇਗਾ। ਗੂਗਲ ਮੈਪਸ 'ਚ ਟ੍ਰੈਫਿਕ ਸਿਗਨਲ ਅਪਡੇਟ ਆਉਣ ਤੋਂ ਬਾਅਦ ਤੁਹਾਨੂੰ ਟ੍ਰੈਫਿਕ ਲਾਈਟ ਦਾ ਆਈਕਨ ਗੂਗਲ ਮੈਪ 'ਚ ਨਜ਼ਰ ਆਵੇਗਾ। ਆਈਕਨ 'ਚ ਤੁਹਾਨੂੰ ਟ੍ਰੈਫਿਕ ਲਾਈਟ ਦਾ ਕਲਰ ਵੀ ਦਿਖੇਗਾ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਪਹਿਲਾਂ ਨੇੜਲੇ ਰਸਤਿਆਂ ਦੇ ਬਾਰੇ 'ਚ ਪਤਾ ਕਰ ਸਕੋਗੇ ਕਿ ਕਿਥੇ ਫਿਲਹਾਲ ਰੈੱਡ ਸਿਗਨਲ ਹਨ ਅਤੇ ਕਿਥੇ ਗ੍ਰੀਨ। ਦੱਸਣਯੋਗ ਹੈ ਕਿ ਐਪਲ ਇਸ ਫੀਚਰ ਨੂੰ ਪਹਿਲਾਂ ਆਈ.ਓ.ਐੱਸ.13 ਅਪਡੇਟ ਨਾਲ ਜਾਰੀ ਕਰ ਚੁੱਕਿਆ ਹੈ।