ਗੂਗਲ ਬੰਦ ਕਰਨ ਜਾ ਰਹੀ ਆਪਣਾ ਇਹ ਵੱਡਾ ਪ੍ਰੋਡਕਟ, ਲੱਖਾਂ ਲੋਕ ਕਰ ਰਹੇ ਸਨ ਇਸਤੇਮਾਲ
Saturday, Jul 27, 2024 - 09:18 PM (IST)
ਗੈਜੇਟ ਡੈਸਕ- ਗੂਗਲ ਇਸ ਸਾਲ ਤਕ ਆਪਣੇ ਕਈ ਪ੍ਰੋਡਕਟ ਅਤੇ ਐਪ ਨੂੰ ਬੰਦ ਕਰ ਚੁੱਕਾ ਹੈ। ਇਸ ਲਿਸਟ 'ਚ ਇਕ ਨਵਾਂ ਨਾਂ ਕ੍ਰੋਮਕਾਸਟ ਦਾ ਜੁੜਿਆ ਹੈ। ਗੂਗਲ ਹੁਣ ਕ੍ਰੋਮਕਾਸਟ ਨੂੰ ਵੀ ਬੰਦ ਕਰਨ ਜਾ ਰਹੀ ਹੈ ਜੋ ਕਿ ਇਕ ਵੀਡੀਓ ਸਟ੍ਰੀਮਿੰਗ ਡਿਵਾਈਸ ਸੀ।
ਇਸ ਦੀ ਜਾਣਕਾਰੀ ਸਭ ਤੋਂ ਪਹਿਲਾਂ 9To5Google ਨੇ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਕ੍ਰੋਮਕਾਸਟ ਨੂੰ ਬੰਦ ਕਰਨ ਤੋਂ ਬਾਅਦ ਕੰਪਨੀ ਹੁਣ ਇਕ ਨਵਾਂ ਪ੍ਰੋਡਕਟ ਪੇਸ਼ ਕਰੇਗੀ ਜੋ ਕ੍ਰੋਮਕਾਸਟ ਨੂੰ ਰਿਪਲੇਸ ਕਰੇਗਾ। ਇਸ ਡਿਵਾਈਸ ਦਾ ਨਾਂ “Google TV Streamer” ਦੱਸਿਆ ਜਾ ਰਿਹਾ ਹੈ।
ਕ੍ਰੋਮਕਾਸਟ ਇਕ ਅਜਿਹੀ ਸਟ੍ਰੀਮਿੰਗ ਡਿਵਾਈਸ ਹੈ ਜਿਸ ਨੂੰ ਟੀਵੀ ਦੇ ਐਚ.ਡੀ.ਐੱਮ.ਆਈ. ਪੋਰਟ 'ਚ ਕੁਨੈਕਟ ਕਰਕੇ ਇਸਤੇਮਾਲ ਕੀਤਾ ਜਾਂਦਾ ਸੀ। ਇਸ ਦੀ ਮਦਦ ਨਾਲ ਯੂਜ਼ਰਜ਼ ਆਪਣੇ ਸਮਾਰਟਫੋਨ, ਕੰਪਿਊਟਰ ਅਤੇ ਟੈਬਲੇਟ ਨੂੰ ਟੀਵੀ ਨਾਲ ਕੁਨੈਕਟ ਕਰ ਸਕਦੇ ਸਨ ਅਤੇ ਕੰਟੈਂਟ ਨੂੰ ਟੀਵੀ 'ਤੇ ਕਾਸਟ ਕਰ ਸਕਦੇ ਸਨ, ਹਾਲਾਂਕਿ ਇਸ ਲਈ ਇੰਟਰਨੈੱਟ ਦੀ ਵੀ ਲੋੜ ਹੁੰਦੀ ਸੀ।
ਮੌਜੂਦਾ ਕ੍ਰੋਮਕਾਸਟ ਦੇ ਨਾਲ 4ਕੇ ਵੀਡੀਓ ਦਾ ਸਪੋਰਟ ਹੈ। ਇਸ ਵਿਚ Amlogic S905X5 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ ਅਤੇ 2 ਜੀ.ਬੀ. ਰੈਮ ਤੋਂ ਇਲਾਵਾ 8 ਜੀ.ਬੀ. ਦੀ ਸਟੋਰੇਜ ਹੈ। ਇਸ ਦੇ ਨਾਲ ਇਕ ਰਿਮੋਟ ਵੀ ਮਿਲਦਾ ਹੈ। ਕ੍ਰੋਮਕਾਸਟ ਦੀ ਭਾਰਤ 'ਚ ਕੀਮਤ 10,000 ਰੁਪਏ ਹੈ।
ਕਿਹਾ ਜਾ ਰਿਹਾ ਹੈ ਕਿ Google TV Streamer ਨੂੰ 13 ਅਗਸਤ ਨੂੰ ਹੋਣ ਵਾਲੇ ਈਵੈਂਟ 'ਚ ਲਾਂਚ ਕੀਤਾ ਜਾਵੇਗਾ। ਇਸੇ ਈਵੈਂਟ 'ਚ ਗੂਗਲ ਪਿਕਸਲ ਸੀਰੀਜ਼ 9 ਦੀ ਲਾਂਚਿੰਗ ਹੋਣ ਵਾਲੀ ਹੈ ਜਿਨ੍ਹਾਂ 'ਚ ਪਿਕਸਲ9, ਪਿਕਸਲ 9 ਪ੍ਰੋ, ਪਿਕਸਲ 9 ਪ੍ਰੋ ਐਕਸ ਐੱਲ ਅਤੇ ਪਿਕਸਲ 9 ਪ੍ਰੋ ਫੋਲਡ ਸ਼ਾਮਲ ਹਨ।