ਲੀਕ ਹੋਈਆਂ 10 ਲੱਖ ਭਾਰਤੀਆਂ ਦੀਆਂ ਐਕਸਰੇ ਅਤੇ ਮੈਡੀਕਲ ਰਿਪੋਰਟਸ, ਜਰਮਨੀ ਦੀ ਫਰਮ ਨੇ ਉਠਾਏ ਸਵਾਲ

02/06/2020 10:38:05 AM

ਗੈਜੇਟ ਡੈਸਕ– ਡਾਟਾ ਲੀਕ ਸਬੰਧੀ ਅਜਿਹੀ ਖਬਰ ਆਈ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗੀ। ਜਰਮਨੀ ਦੀ ਸਕਿਓਰਿਟੀ ਫਰਮ 'ਗ੍ਰੀਨਬੋਨ ਨੈੱਟਵਰਕਸ' ਨੇ ਦਾਅਵਾ ਕੀਤਾ ਹੈ ਕਿ ਲੱਗਭਗ 10 ਲੱਖ ਭਾਰਤੀ ਮਰੀਜ਼ਾਂ ਦਾ ਡਾਟਾ ਲੀਕ ਹੋਇਆ ਹੈ, ਜਿਨ੍ਹਾਂ ਵਿਚ ਐਕਸਰੇ, ਸੀ. ਟੀ. ਸਕੈਨ, ਡਾਕਟਰੀ ਰਿਪੋਰਟ ਆਦਿ ਜਾਣਕਾਰੀਆਂ ਸ਼ਾਮਲ ਹਨ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇੰਟਰਨੈੱਟ 'ਤੇ ਜੋ ਡਾਟਾ ਮੌਜੂਦ ਸੀ, ਉਸ ਵਿਚ ਮਰੀਜ਼ ਦਾ ਨਾਂ, ਜਨਮ ਤਰੀਕ, ਈ-ਮੇਲ, ਹਸਪਤਾਲ ਦਾ ਨਾਂ ਅਤੇ ਮਰੀਜ਼ ਨੂੰ ਦੇਖ ਰਹੇ ਡਾਕਟਰ ਦਾ ਨਾਂ ਸ਼ਾਮਲ ਸੀ। ਲੀਕ ਹੋਏ ਇਸ ਡਾਟਾ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੇ ਉਤਕਰਸ਼ਨ ਸਕੈਨ ਦਾ ਡਾਟਾ ਵੀ ਮੌਜੂਦ ਹੈ।

ਸਰਵਰ 'ਤੇ ਸਕਿਓਰ ਨਹੀਂ ਸੀ ਡਾਟਾ
ਵਰਣਨਯੋਗ ਹੈ ਕਿ ਮੈਡੀਕਲ ਪ੍ਰੈਕਟਿਸ ਲਈ ਖਾਸ ਕਿਸਮ ਦੇ ਫਾਈਲ ਫਾਰਮੈੱਟ ਦੀ ਵਰਤੋਂ ਹੁੰਦੀ ਹੈ, ਜਿਸ ਨੂੰ ਡਿਜੀਟਲ ਇਮੇਜਿੰਗ ਐਂਡ ਕਮਿਊਨੀਕੇਸ਼ਨ ਇਨ ਮੈਡੀਸਨਜ਼ (DICOM) ਕਿਹਾ ਜਾਂਦਾ ਹੈ। ਇਸ ਫਾਰਮੈੱਟ ਦੀ ਵਰਤੋਂ ਮੈਡੀਕਲ ਨਾਲ ਸਬੰਧਤ ਫੋਟੋਆਂ ਸ਼ੇਅਰ ਤੇ ਸਟੋਰ ਕਰਨ ਲਈ ਹੁੰਦੀ ਹੈ। DICOM ਫਾਰਮੈੱਟ ਦੀਆਂ ਫਾਈਲਾਂ ਪਿਕਚਰ ਆਰਕਾਈਵਿੰਗ ਐਂਡ ਕਮਿਊਨੀਕੇਸ਼ਨ ਸਿਸਟਮ (PACS) ਸਰਵਰ 'ਤੇ ਸਟੋਰ ਹੁੰਦੀਆਂ ਹਨ। ਇਸ ਸਰਵਰ 'ਤੇ ਮਰੀਜ਼ਾਂ ਦੀ ਰਿਪੋਰਟ ਦੀਆਂ ਫੋਟੋਆਂ ਬਿਨਾਂ ਪਾਸਵਰਡ ਮੌਜੂਦ ਸਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸੇ ਸਰਵਰ 'ਚ ਸੰਨ੍ਹ ਲੱਗੀ ਹੈ ਕਿਉਂਕਿ ਇਹ ਸਰਵਰ ਸਕਿਓਰ ਨਹੀਂ ਸੀ।

ਬ੍ਰੀਚ ਕੈਂਡੀ ਹਸਪਤਾਲ ਦਾ ਬਿਆਨ
ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਬ੍ਰੀਚ ਕੈਂਡੀ ਹਸਪਤਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਦਾ ਡਾਟਾ ਐੱਸ. ਐੱਸ. ਐੱਲ. ਸਰਟੀਫਿਕੇਸ਼ਨ ਨਾਲ  ਮੌਜੂਦ ਹੈ। ਹਸਪਤਾਲ ਦੇ ਇਕ ਬੁਲਾਰੇ ਨੇ ਕਿਹਾ ਕਿ ਲੀਕ ਹੋਇਆ ਡਾਟਾ ਹਸਪਤਾਲ ਦੇ ਸਰਵਰ ਤੋਂ ਚੋਰੀ ਹੋਇਆ ਹੈ ਕਿਉਂਕਿ ਹਸਪਤਾਲ ਦੇ ਸਰਵਰ ਨੂੰ ਬਿਨਾਂ ਪਾਸਵਰਡ ਦੇ ਐਕਸੈੱਸ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਇਲਾਵਾ ਉਤਕਰਸ਼ਨ ਸਕੈਨ ਨੇ ਇਸ ਡਾਟਾ ਲੀਕ ਦੇ ਮਾਮਲੇ 'ਤੇ ਕੋਈ ਬਿਆਨ ਨਹੀਂ ਦਿੱਤਾ। ਅਜੇ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਵੀ ਕੋਈ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ।


Related News