ਸਾਵਧਾਨ! ਮੁਫ਼ਤ ਕੋਰੋਨਾ ਜਾਂਚ ਦੇ ਨਾਂ ’ਤੇ ਲੋਕਾਂ ਨਾਲ ਹੋ ਰਹੀ ਠੱਗੀ
Saturday, Aug 29, 2020 - 05:34 PM (IST)
ਗੈਜੇਟ ਡੈਸਕ– ਕੋਰੋਨਾ ਮਹਾਮਾਰੀ ਸ਼ੁਰੂ ਹੁੰਦੇ ਹੀ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਕੋਰੋਨਾ ਕਾਲ ’ਚ ਹੈਕਿੰਗ ਅਤੇ ਸਪੈਮਿੰਗ ’ਚ ਕਾਫੀ ਵਾਧਾ ਹੋਇਆ ਹੈ। ਕੋਰੋਨਾ ਦੇ ਨਾਂ ’ਤੇ ਲੋਕਾਂ ਨੂੰ ਡਰਾ ਕੇ ਉਨ੍ਹਾਂ ਨਾਲ ਠੱਗੀ ਕੀਤੀ ਜਾ ਰਹੀ ਹੈ। ਕੋਰੋਨਾ ਦੇ ਨਾਂ ’ਤੇ ਠੱਗੀ ਦੇ ਮਾਮਲੇ ਹੁਣ ਭਾਰਤ ’ਚ ਵੀ ਵਧ ਰਹੇ ਹਨ। ਹੈਕਰਾਂ ਨੇ ਠੱਗੀ ਕਰਨ ਲਈ ਨਵਾਂ ਤਰੀਕਾ ਲੱਭਿਆ ਹੈ। ਇਹ ਸਾਈਬਰ ਠੱਗ ਹੁਣ ਲੋਕਾਂ ਨੂੰ ਮੁਫ਼ਤ ’ਚ ਕੋਰੋਨਾ ਜਾਂਚ ਕਰਵਾਉਣ ਨੂੰ ਲੈ ਕੇ ਈ-ਮੇਲ ਭੇਜ ਰਹੇ ਹਨ।
ਸਾਈਬਰ ਅਪਰਾਧੀ ਲੋਕਾਂ ਨੂੰ ਮੁਫ਼ਤ ’ਚ ਕੋਰੋਨਾ ਜਾਂਚ ਕਰਵਾਉਣ ਨੂੰ ਲੈ ਕੇ ਇਕ ਈ-ਮੇਲ ਭੇਜ ਰਹੇ ਹਨ। ਇਸ ਈ-ਮੇਲ ਦਾ ਐਡਰੈੱਸ ਕਾਫੀ ਹੱਦ ਤਕ ਸਰਕਾਰੀ ਈ-ਮੇਲ ਨਾਲ ਮਿਲਦਾ-ਜੁਲਦਾ ਹੈ। ਇਹ ਅਪਰਾਧੀ ਸਰਕਾਰ ਦੇ ਹਵਾਲੇ ਤੋਂ ਵੀ ਫਰਜ਼ੀ ਈ-ਮੇਲ ਭੇਜ ਰਹੇ ਹਨ। ਈ-ਮੇਲ ਦੇ ਨਾਲ ਇਕ ਵੈੱਬ ਲਿੰਕ ਵੀ ਭੇਜਿਆ ਜਾ ਰਿਹਾ ਹੈ। ਲਿੰਕ ’ਤੇ ਕਲਿੱਕ ਕਰਦੇ ਹੀ ਲੋਕਾਂ ਕੋਲੋਂ ਨਾਮ, ਪਤਾ, ਮੋਬਾਇਲ ਨੰਬਰ ਅਤੇ ਆਧਾਰ ਨੰਬਰ ਆਦਿ ਵਰਗੀਆਂ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਰਜਿਸਟ੍ਰੇਸ਼ਨ ਦੇ ਨਾਂ ’ਤੇ 20 ਰੁਪਏ ਦਾ ਭੁਗਤਾਨ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਇਸ ਤੋਂ ਬਾਅਦ ਵਟਸਐਪ ਨੰਬਰ ’ਤੇ ਠੱਗ ਇਕ QR ਕੋਡ ਭੇਜ ਰਹੇ ਹਨ ਅਤੇ ਇਸੇ QR ਕੋਡ ਰਾਹੀਂ ਉਹ ਤੁਹਾਡੇ ਯੂ.ਪੀ.ਆਈ. ਅਕਾਊਂਟ ਜਾਂ ਬੈਂਕ ਖਾਤੇ ’ਚੋਂ ਪੈਸੇ ਗਾਇਬ ਕਰ ਰਹੇ ਹਨ।
ਹੁਣ ਅਜਿਹੇ ਮਾਮਲੇ ’ਚ ਤੁਹਾਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਕੋਰੋਨਾ ਜਾਂਚ ਲਈ ਈ-ਮੇਲ ਨਹੀਂ ਨਹੀਂ। ਪਹਿਲਾਂ ਸਾਈਬਰ ਅਪਰਾਧੀ ਓ.ਟੀ.ਪੀ. ਰਾਹੀਂ ਲੋਕਾਂ ਨੂੰ ਚੂਨਾ ਲਗਾਉਂਦੇ ਸਨ ਪਰ ਹੁਣ ਕਿਊ.ਆਰ. ਕੋਡ ਦਾ ਇਸਤੇਮਾਲ ਕਰ ਰਹੇ ਹਨ। ਜੇਕਰ ਕੋਈ ਤੁਹਾਨੂੰ ਕਿਊ.ਆਰ. ਕੋਡ ਭੇਜਦਾ ਹੈ ਅਤੇ ਉਸ ਨੂੰ ਗੂਗਲ ਪੇਅ ਜਾਂ ਕਿਸੇ ਹੋਰ ਯੂ.ਪੀ.ਆਈ. ਐਪ ਨਾਲ ਸਕੈਨ ਕਰਨ ਲਈ ਕਹਿੰਦਾ ਹੈ ਤਾਂ ਅਜਿਹੀ ਗਲਤੀ ਭੁੱਲ ਕੇ ਵੀ ਨਾ ਕਰੋ ਕਿਉਂਕਿ ਸਕੈਨ ਕਰਦੇ ਹੀ ਤੁਹਾਡੇ ਖਾਤੇ ’ਚੋਂ ਪੈਸੇ ਗਾਇਬ ਹੋ ਜਾਣਗੇ ਅਤੇ ਇਸ ਦੇ ਜ਼ਿੰਮੇਵਾਰ ਤੁਸੀਂ ਖ਼ੁਦ ਹੋਵੋਗੇ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਮੁੰਬਈ ਪੁਲਸ ਨੇ ਵੀ ਕੋਵਿਡ-19 ਦੀ ਮੁਫ਼ਤ ਜਾਂਚ ਸਬੰਧੀ ਆ ਰਹੇ ਫਰਜ਼ੀ ਈ-ਮੇਲ ਬਾਰੇ ਚਿਤਾਵਨੀ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਸੀ।