ਫੇਸ ਅਨਲੌਕ ਫੀਚਰ ਵੀ ਨਹੀਂ ਸੁਰੱਖਿਅਤ, ਸੁੱਤੇ ਆਦਮੀ ਦਾ ਚਿਹਰਾ ਦਿਖਾ ਕੇ ਉਡਾਏ 1.25 ਲੱਖ ਰੁਪਏ
Tuesday, Apr 09, 2019 - 05:43 PM (IST)

ਗੈਜੇਟ ਡੈਸਕ– ਪਿਛਲੇ ਸਾਲ ਕਈ ਪ੍ਰੀਮੀਅਮ ਸਮਾਰਟਫੋਨ ਦੇ ਫੇਸ-ਅਨਲੌਕ ਫੀਚਰ ’ਚ ਸੰਨ੍ਹ ਲਗਾਉਣ ਦੀ ਰਿਪੋਰਟ ਸਾਹਮਣੇ ਆਈ ਸੀ। ਉਸ ਤੋਂ ਬਅਦ ਕੰਪਨੀਆਂ ਨੇ ਅਪਡੇਟ ਜਾਰੀ ਕਰਕੇ ਬਗ ਨੂੰ ਫਿਕਸ ਕੀਤਾ। ਉਂਝ ਤਾਂ ਹੁਣ ਕਈ ਕੰਪਨੀਆਂ ਏ.ਆਈ. ਦੀ ਸਪੋਰਟ ਦੇ ਨਾਲ ਆਪਣੇ ਫੋਨ ’ਚ ਫੇਸ-ਅਨਲੌਕ ਫੀਚਰ ਦੇ ਰਹੀਆਂ ਹਨ ਪਰ ਇਸ ਫੇਸ ਅਨਲੌਕ ਫੀਚਰ ਦਾ ਗਲਤ ਇਸਤੇਮਾਲ ਵੀ ਹੋ ਰਿਹਾ ਹੈ। ਚੀਨ ’ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਚੀਨ ਦੇ ਜੇਝੀਆਂਗ ’ਚ ਸੁੱਤੇ ਪਏ ਇਕ ਵਿਅਕਤੀ ਦੇ ਸਮਾਰਟਫੋਨ ਨੂੰ ਫੇਸ-ਅਨਲੌਕ ਫੀਚਰ ਦਾ ਇਸਤੇਮਾਲ ਕਰਕੇ ਖੋਲ੍ਹਿਆ ਗਿਆ ਅਤੇ ਉਸ ਦੇ ਅਕਾਊਂਟ ’ਚੋਂ 1 ਲੱਖ 25 ਹਜ਼ਾਰ ਰੁਪਏ ਉਡਾ ਲਏ ਗਏ ਹਨ।
ਖਾਸ ਗੱਲ ਇਹ ਹੈ ਕਿ ਇਸ ਚੋਰੀ ਨੂੰ ਅੰਜ਼ਾਮ ਕਿਸੇ ਰਿਸ਼ਤੇਦਾਰ ਨੇ ਨਹੀਂ ਸਗੋਂ ਚੋਰਾਂ ਨੇ ਦਿੱਤਾ ਹੈ। ਪੀੜਤ ਦਾ ਨਾਂ ਯੁਆਨ ਹੈ। ਯੁਆਨ ਨੇ ਪੁਲਸ ਨੂੰ ਦੱਸਿਆ ਹੈ ਕਿ ਜਦੋਂ ਉਹ ਸੁੱਤਾ ਸੀ ਤਾਂ ਕਿਸੇ ਨੇ ਉਸ ਦੇ ਫੋਨ ਨੂੰ ਫੇਸ-ਅਨਲੌਕ ਰਾਹੀਂ ਖੋਲ੍ਹਿਆ ਅਤੇ ਵੀ-ਚੈਟ ਐਪ ਨਾਲ ਫੇਸ਼ੀਅਲ ਰਿਗੋਗਨੀਸ਼ਨ ਦੀ ਮਦਦ ਨਾਲ ਪੈਸੇ ਆਪਣੇ ਖਾਤੇ ’ਚ ਟ੍ਰਾਂਸਫਰ ਕਰ ਲਏ। ਹਾਲਾਂਕਿ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੈਸੇ ਵੀ ਬਰਾਮਦ ਹੋ ਗਏ ਹਨ। ਉਥੇ ਹੀ ਯੁਆਨ ਕਿਸ ਕੰਪਨੀ ਦਾ ਅਤੇ ਕਿਹੜਾ ਮਾਡਲ ਫੋਨ ਇਸਤੇਮਾਲ ਕਰਦਾ ਹੈ ਇਸ ਦੀ ਜਾਣਕਾਰੀ ਨਹੀਂ ਮਿਲੀ।
ਹਾਲਾਂਕਿ ਚੋਰੀ ਦੀ ਗੱਲ ਤਾਂ ਅਲੱਗ ਹੈ ਪਰ ਹੁਣ ਸਵਾਲ ਫੇਸ ਅਨਲੌਕ ਫੀਚਰ ’ਤੇ ਉੱਠਦਾ ਹੈ ਕਿ ਜਦੋਂ ਅੱਖਾਂ ਬੰਦ ਸਨ ਤਾਂ ਫੋਨ ਅਨਲੌਕ ਕਿਵੇਂ ਹੋਇਆ। ਆਮਤੌਰ ’ਤੇ ਅੱਖਾਂ ਖੁਲ੍ਹੀਆਂ ਹੋਣ ’ਤੇ ਹੀ ਫੇਸ ਅਨਲੌਕ ਕੰਮ ਕਰਦਾ ਹੈ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਫੇਸ਼ੀਅਲ ਰਿਕੋਗਨੀਸ਼ਨ ਨੂੰ ਐਡਵਾਂਸਡ ਸਕਿਓਰਿਟੀ ਫੀਚਰ ਦੇ ਤੌਰ ’ਤੇ ਦੇਖਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਇਹ ਸੁਰੱਖਿਅਤ ਨਹੀਂ ਹੈ।