Online Scam 'ਚ ਫਸਿਆ ਡਾਕਟਰ, ਖਾਤੇ 'ਚੋਂ ਨਿਕਲੇ 76 ਲੱਖ ਰੁਪਏ, ਤੁਸੀਂ ਤਾਂ ਨਹੀਂ ਕਰਦੇ ਅਜਿਹੀ ਗਲਤੀ
Monday, Nov 11, 2024 - 04:57 PM (IST)
ਗੈਜੇਟ ਡੈਸਕ- ਭਾਰਤ 'ਚ ਹਰ ਦਿਨ ਸਾਈਬਰ ਸਕੈਮ ਹੋ ਰਹੇ ਹਨ ਅਤੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹਰ ਦਿਨ ਸਾਈਬਰ ਸਕੈਮ ਤੋਂ ਪੀੜਤ ਲੋਕਾਂ ਦੇ ਖਾਤੇ 'ਚੋਂ ਲੱਖਾਂ ਰੁਪਏ ਨਿਕਲ ਰਹੇ ਹਨ ਪਰ ਸਕੈਮਰਾਂ ਪਕੜ 'ਚ ਨਹੀਂ ਆ ਰਹੇ। ਤਾਜਾ ਮਾਮਲਾ ਤਾਮਿਲਨਾਡੂ ਦਾ ਹੈ ਜਿਥੇ ਇਕ ਸਰਕਾਰੀ ਡਾਕਟਰ ਨੂੰ ਇਕ ਯੂਟਿਊਬ ਵਿਗਿਆਪਨ 'ਤੇ ਕਲਿੱਕ ਕਰਨ ਤੋਂ ਬਾਅਦ 76.5 ਲੱਖ ਰੁਪਏ ਦਾ ਨੁਕਸਾਨ ਹੋਇਆ। ਯੂਟਿਊਬ ਵਿਗਿਆਪਨ 'ਚ ਸ਼ੇਅਰ ਬਾਜ਼ਾਰ 'ਚ ਨਿਵੇਸ਼ ਅਤੇ ਹਾਈ ਰਿਟਰਨ ਦਾ ਦਾਅਵਾ ਕੀਤਾ ਗਿਆ ਸੀ।
ਪੀੜਤ ਇਕ ਸਰਕਾਰੀ ਮੈਡੀਕਲ ਕਾਲਜ 'ਚ ਐਸੋਸੀਏਟ ਪ੍ਰੋਫੈਸਰ ਹੈ। ਉਨ੍ਹਾਂ ਨੇ ਆਨਲਾਈਨ ਟ੍ਰੇਡਿੰਗ ਦੇ ਇਕ ਯੂਟਿਊਬ ਵਿਗਿਆਪਨ 'ਤੇ ਕਲਿੱਕ ਕੀਤਾ। ਵਿਗਿਆਪਨ 'ਤੇ ਕਲਿੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਵਟਸਐਪ ਗਰੁੱਪ 'ਚ ਰੀਡਾਇਰੈਕਟ ਕੀਤਾ ਗਿਆ, ਜਿਥੇ ਕਈ ਲੋਕ ਪਹਿਲਾਂ ਤੋਂ ਹੀ ਨਿਵੇਸ਼ਕ ਦੇ ਤੌਰ 'ਤੇ ਸਨ ਅਤੇ ਸ਼ੇਅਰ ਬਾਜ਼ਾਰ ਨੂੰ ਲੈ ਕੇ ਟਿਪਸਲ ਦੇ ਰਹੇ ਸਨ। ਲੋਕ ਗਰੁੱਪ 'ਚ ਮੁਨਾਫੇ ਦੇ ਸਕਰੀਨਸ਼ਾਟ ਵੀ ਸਾਂਝੇ ਕਰ ਰਹੇ ਸਨ।
ਸ਼ੁਰੂਆਤੀ ਦਿਨਾਂ 'ਚ ਵਟਸਐਪ ਗਰੁੱਪ ਨੇ ਡਾਕਟਰ ਨੂੰ ਆਨਲਾਈਨ ਟ੍ਰੇਡਿੰਗ ਦੀ ਸ਼ੁਰੂਆਤੀ ਜਾਣਕਾਰੀ ਦਿੱਤੀ ਜਿਸ ਨਾਲ ਗਰੁੱਪ ਦੇ ਲੋਕਾਂ 'ਤੇ ਉਨ੍ਹਾਂ ਦਾ ਭਰੋਸਾ ਵੱਧ ਗਿਆ। ਗਰੁੱਪ ਦਾ ਐਡਿਮਿਨ 'ਦਿਵਾਕਰ ਸਿੰਘ' ਨਾਂ ਦਾ ਸ਼ਖ਼ਸ ਸੀ, ਜੋ ਹਮੇਸ਼ਾ ਸ਼ਾਰਟ-ਟਰਮ ਅਤੇ ਲਾਂਗ-ਟਰਮ ਨਿਵੇਸ਼ ਲਈ ਟ੍ਰੇਡਿੰਗ ਟਿਪਸ ਅਤੇ ਸੁਝਾਅ ਦਿੰਦਾ ਸੀ।
ਗਰੁੱਪ ਦੇ ਮੈਂਬਰਾਂ ਨੇ ਪੀੜਤ ਨੂੰ ਉਨ੍ਹਾਂ ਦੇ ਨਿਵੇਸ਼ 'ਤੇ ਚੰਗੇ ਮੁਨਾਫੇ ਦਾ ਦਾਅਵਾ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਰਾਸ਼ੀ ਪ੍ਰਮੁੱਖ ਭਾਰਤੀ ਅਤੇ ਅਮਰੀਕੀ ਸ਼ੇਅਰਾਂ 'ਚ ਨਿਵੇਸ਼ ਕੀਤੀ ਜਾਵੇਗੀ। ਠੱਗਾਂ ਨੇ ਕੁਝ ਵਿਸ਼ੇਸ਼ ਸਟਾਕਸ ਅਤੇ ਆਈ.ਪੀ.ਓ. ਦੀ ਸਿਫਾਰਿਸ਼ ਕੀਤੀ, ਜਿਸ ਵਿਚ 30 ਫੀਸਦੀ ਮੁਨਾਫੇ ਦਾ ਦਾਅਵਾ ਕੀਤਾ, ਜਿਸ ਨਾਲ ਡਾਕਟਰ ਨੂੰ ਸ਼ੱਕ ਹੋਇਆ। ਇਸ ਦੇ ਬਾਵਜੂਦ ਉਨ੍ਹਾਂ ਨੇ ਸਕੈਮਰਾਂ ਦੁਆਰਾ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਕੇ ਖਾਤੇ 'ਚ ਪੈਸੇ ਭੇਜਣਾ ਸ਼ੁਰੂ ਕਰ ਦਿੱਤਾ। ਅਕਤੂਬਰ 'ਚ ਤਿੰਨ ਹਫਤਿਆਂ ਦੇ ਅੰਦਰ ਡਾਕਟਰ ਨੇ ਲਗਭਗ 76.5 ਲੱਖ ਰੁਪਏ ਭੇਜ ਦਿੱਤੇ।
22 ਅਕਤੂਬਰ ਨੂੰ ਜਦੋਂ ਡਾਕਟਰ ਨੇ ਆਪਣੇ ਖਾਤੇ 'ਚੋਂ 50 ਲੱਖ ਰੁਪਏ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਵੈੱਬਸਾਈਟ ਨੇ ਇਹ ਕਹਿੰਦੇ ਹੋਏ ਲੈਣ-ਦੇਣ ਨੂੰ ਅਸਵੀਕਾਰ ਕਰ ਦਿੱਤਾ ਕਿ ਕੱਢਵਾਉਣ ਦੀ ਪ੍ਰਕਿਰਿਆ ਲਈ ਅਖੌਤੀ 'ਕੁਆਲੀਫਾਇਡ ਇੰਸਟੀਚਿਊਸ਼ਨਲ ਬਾਇਰਜ਼ ਐਸੋਸੀਏਸ਼ਨ' ਨੂੰ ਵਾਧੂ 50 ਲੱਖ ਰੁਪਏ ਦੀ ਲੋੜ ਹੈ। ਇਸ ਤੋਂ ਬਾਅਦ ਡਾਕਟਰ ਨੂੰ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਇਸ ਸਬੰਧੀ ਸਾਈਬਰ ਪੁਲਸ ਕੋਲ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤੁਸੀਂ ਨਾ ਕਰੋ ਇਸ ਤਰ੍ਹਾਂ ਦੀ ਗਲਤੀ
- ਕਿਸੇ ਵੀ ਕਤੀਮਤ 'ਤੇ ਕਿਸੇ ਅਣਜਾਣ ਗਰੁੱਪ ਵਿੱਚ ਸ਼ਾਮਲ ਨਾ ਹੋਵੋ।
- ਕਿਸੇ ਦੇ ਕਹਿਣ 'ਤੇ ਸ਼ੇਅਰ ਬਾਜ਼ਾਰ 'ਚ ਨਿਵੇਸ਼ ਨਾ ਕਰੋ।
- ਜੇਕਰ ਕੋਈ ਇਹ ਕਹਿੰਦੇ ਹੋਏ ਤੁਹਾਡੇ ਕੋਲੋਂ ਪੈਸੇ ਮੰਗ ਰਿਹਾ ਹੈ ਕਿ ਹਾਈ ਰਿਟਰਨ ਮਿਲੇਗਾ ਤਾਂ ਤੁਰੰਤ ਉਸ ਦੀ ਸ਼ਿਕਾਇਤ ਕਰੋ।
- ਕਿਸੇ ਵੀ ਹਾਲਤ 'ਚ ਕਿਸੇ ਨੂੰ ਪੈਸੇ ਭੇਜਣ ਦੀ ਗਲਤੀ ਨਾ ਕਰੋ।