ਟੈਲੀਕਾਮ ਇੰਡਸਟਰੀ ਨੇ ਡਾਟਾ ਪੈਕ ਦਾ ਘੱਟੋ-ਘੱਟ ਮੁੱਲ ਤੈਅ ਕਰਨ ਦੀ ਕੀਤੀ ਡਿਮਾਂਡ
Tuesday, Aug 03, 2021 - 06:27 PM (IST)
ਨਵੀਂ ਦਿੱਲੀ- ਉਦਯੋਗ ਸੰਗਠਨ ਸੀ. ਓ. ਏ. ਆਈ. ਨੇ ਮੰਗਲਵਾਰ ਨੂੰ ਕਿਹਾ ਕਿ ਦੂਰਸੰਚਾਰ ਉਦਯੋਗ ਵਿੱਚ "ਭਾਰੀ ਵਿੱਤੀ ਦਬਾਅ" ਦੇ ਮੱਦੇਨਜ਼ਰ ਘੱਟੋ-ਘੱਟ ਕੀਮਤ ਨਿਰਧਾਰਤ ਕਰਨਾ ਜ਼ਰੂਰੀ ਹੈ ਅਤੇ ਸਮੇਂ ਦੀ ਲੋੜ ਹੈ। ਸੀ. ਓ. ਏ. ਆਈ. ਦੇ ਮੈਂਬਰਾਂ ਵਿਚ ਭਾਰਤੀ ਏਅਰਟੈਲ, ਰਿਲਾਇੰਸ ਜਿਓ ਅਤੇ ਵੋਡਾਫੋਨ ਆਈਡੀਆ ਸ਼ਾਮਲ ਹਨ।
ਸੈਲਿਊਲਰ ਆਪਰੇਟਰਸ ਐਸੋਸੀਏਸ਼ਨ ਆਫ਼ ਇੰਡੀਆ (ਸੀ. ਓ. ਏ. ਆਈ.) ਨੇ ਕਿਹਾ ਕਿ ਸਿਰਫ ਦੋ ਸਾਲਾਂ ਦੀ ਅੰਤਰਿਮ ਮਿਆਦ ਲਈ ਡਾਟਾ ਲਈ ਘੱਟੋ-ਘੱਟ ਕੀਮਤਾਂ ਨਿਰਧਾਰਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਵੌਇਸ ਕਾਲਾਂ ਅਤੇ ਟੈਰਿਫਸ ਨੂੰ ਇਸ ਤੋਂ ਬਾਹਰ ਰੱਖਿਆ ਜਾ ਸਕਦਾ ਹੈ।
ਸੀ. ਓ. ਏ. ਆਈ. ਦੇ ਡਾਇਰੈਕਟਰ ਜਨਰਲ ਐੱਸ. ਪੀ. ਕੋਚਰ ਨੇ ਇਕ ਬਿਆਨ ਵਿਚ ਕਿਹਾ, "ਪਿਛਲੇ ਕੁਝ ਸਾਲਾਂ ਵਿੱਚ ਘੱਟੋ-ਘੱਟ ਕੀਮਤਾਂ ਤੈਅ ਕਰਨਾ ਇਕ ਮਹੱਤਵਪੂਰਨ ਮੁੱਦਾ ਬਣ ਗਿਆ ਹੈ ਅਤੇ ਅੱਜ ਦੂਰਸੰਚਾਰ ਉਦਯੋਗ ਭਾਰੀ ਵਿੱਤੀ ਤਣਾਅ ਵਿਚੋਂ ਗੁਜ਼ਰ ਰਿਹਾ ਹੈ।" ਸੀ. ਓ. ਏ. ਆਈ. ਨੇ ਦਲੀਲ ਦਿੱਤੀ ਕਿ ਮਹਾਮਾਰੀ ਦੌਰਾਨ ਵਿੱਤੀ ਕਮੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੇ ਮਹੱਤਵਪੂਰਨ ਨਿਵੇਸ਼ ਕਰਨਾ ਅਤੇ ਭਾਰਤੀਆਂ ਨੂੰ ਨਿਰਵਿਘਨ ਨੈੱਟਵਰਕ ਸੰਪਰਕ ਪ੍ਰਦਾਨ ਕਰਨਾ ਜਾਰੀ ਰੱਖਿਆ। ਕੋਚਰ ਨੇ ਕਿਹਾ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਡਾਟਾ ਟੈਰਿਫ ਕੀਮਤਾਂ ਵਿਚ ਗਿਰਾਵਟ ਕਾਰਨ ਟੈਲੀਕਾਮਸ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਵਿੱਤੀ ਸਿਹਤ ਨੂੰ ਬਣਾਈ ਰੱਖਣ ਲਈ ਆਮਦਨੀ ਕਮਾਉਣਾ ਹੁਣ ਜ਼ਰੂਰੀ ਹੈ। ਸੀ. ਓ. ਏ. ਆਈ. ਨੇ ਕਿਹਾ ਕਿ ਉਸ ਨੇ ਘੱਟੋ-ਘੱਟ ਕੀਮਤ ਨਿਰਧਾਰਤ ਕਰਨ ਲਈ ਵਾਰ-ਵਾਰ ਬੇਨਤੀਆਂ ਕੀਤੀਆਂ ਹਨ ਅਤੇ ਦੱਸਿਆ ਕਿ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਵੀ ਸੀ. ਓ. ਏ. ਆਈ. ਨਾਲ ਇਸ ਮੁੱਦੇ 'ਤੇ ਚਰਚਾ ਕੀਤੀ ਸੀ।