ਚੀਨ ਦਾ ਦੋਸ਼ : ਹੁਵਾਵੇਈ ਨੂੰ ਨੁਕਸਾਨ ਪਹੁੰਚਾਉਣ ਲਈ ਬ੍ਰਿਟੇਨ ਨੇ ਕੀਤੀ ਅਮਰੀਕਾ ਦੀ ਮਦਦ

Friday, Jul 17, 2020 - 11:36 AM (IST)

ਚੀਨ ਦਾ ਦੋਸ਼ : ਹੁਵਾਵੇਈ ਨੂੰ ਨੁਕਸਾਨ ਪਹੁੰਚਾਉਣ ਲਈ ਬ੍ਰਿਟੇਨ ਨੇ ਕੀਤੀ ਅਮਰੀਕਾ ਦੀ ਮਦਦ

ਪੇਈਚਿੰਗ– ਚੀਨ ਨੇ ਬ੍ਰਿਟੇਨ ’ਤੇ ਆਪਣੀ ਟੈਕਨਾਲੌਜੀ ਕੰਪਨੀ ਹੁਵਾਵੇਈ ਨੂੰ ਨੁਕਸਾਨ ਪਹੁੰਚਾਉਣ ’ਚ ਅਮਰੀਕਾ ਦੀ ਮਦਦ ਕਰਨ ਦਾ ਦੋਸ਼ ਲਾਇਆ ਹੈ। ਚੀਨ ਦਾ ਕਹਿਣਾ ਹੈ ਕਿ 5ਜੀ ਨੈੱਟਵਰਕ ’ਤੇ ਕੰਮ ਕਰਨ ਤੋਂ ਰੋਕਣ ਦਾ ਫੈਸਲਾ ਬ੍ਰਿਟੇਨ ਨੇ ਅਮਰੀਕਾ ਦੀ ਗੰਢਤੁਪ ’ਚ ਲਿਆ ਹੈ। ਚੀਨ ਦੀ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਚੀਨ ਦੀ ਸਰਕਾਰ ਆਪਣੇ ਇਥੋਂ ਦੀਆਂ ਕੰਪਨੀਆਂ ਦੀ ਰੱਖਿਆ ਕਰੇਗੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਬਦਲੇ ’ਚ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ।
ਹੁਵਾਵੇਈ ਫੋਨ ਅਤੇ ਇੰਟਰਨੈੱਟ ਕੰਪਨੀਆਂ ਲਈ ਸਵਿਚਿੰਗ ਗਿਅਰ ਦੀ ਸਭ ਤੋਂ ਵੱਡੀ ਨਿਰਮਾਤਾ ਹੈ। ਅਮਰੀਕਾ ਹੁਵਾਵੇਈ ’ਤੇ ਸੁਰੱਖਿਆ ਲਈ ਜੋਖਮ ਹੋਣ ਦਾ ਦੋਸ਼ ਲਗਾਉਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਚਾਹੁੰਦੀ ਹੈ ਕਿ ਯੂਰਪ ਅਤੇ ਉਸ ਦੇ ਹੋਰ ਸਹਿਯੋਗੀ ਦੇਸ਼ ਆਪਣੇ 5ਜੀ ਨੈੱਟਵਰਕ ਤੋਂ ਹੁਵਾਵੇਈ ਨੂੰ ਬਾਹਰ ਕਰਨ।

ਬ੍ਰਿਟੇਨ ਦੀ ਸਰਕਾਰ ਨੇ ਆਪਣੇ 5ਜੀ ਨੈੱਟਵਰਕ ਤੋਂ ਹੁਵਾਵੇਈ ਨੂੰ ਬਾਹਰ ਕਰਨ ਦਾ ਮੰਗਲਵਾਰ ਨੂੰ ਐਲਾਨ ਕੀਤਾ। ਬ੍ਰਿਟੇਨ ਦਾ ਕਹਿਣਾ ਹੈ ਕਿ ਕੰਪਨੀ ਖਿਲਾਫ ਅਮਰੀਕਾ ਦੀਆਂ ਪਾਬੰਦੀਆਂ ਨੇ ਚੀਨ ਤੋਂ ਸਪਲਾਈ ਕੀਤੇ ਗਏ ਯੰਤਰਾਂ ਦੀ ਸੁਰੱਖਿਆ ਯਕੀਨੀ ਕਰਨਾ ਅਸੰਭਵ ਬਣਾ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਾ ਹੁਆ ਚੁਨਯਿੰਗ ਨੇ ਕਿਹਾ ਕਿ ਬ੍ਰਿਟੇਨ ਨੇ ਕਿਸੇ ਵੀ ਠੋਸ ਸਬੂਤ ਤੋਂ ਬਿਨਾਂ ਜੋਖਮ ਦਾ ਬਹਾਨਾ ਬਣਾਇਆ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਚੀਨ ਦੀਆਂ ਕੰਪਨੀਆਂ ਨਾਲ ਭੇਦਭਾਵ ਕਰਨ, ਦਬਾਉਣ ਅਤੇ ਉਨ੍ਹਾਂ ਨੂੰ ਬਾਹਰ ਕਰਨ ’ਚ ਸਹਿਯੋਗ ਕੀਤਾ।

ਇਸ ਤੋਂ ਪਹਿਲਾਂ ਅਮਰੀਕਾ ਨੇ ਬ੍ਰਿਟੇਨ ਦੇ ਹੁਵਾਵੇਈ ’ਤੇ ਭਵਿੱਖ ’ਚ 5ਜੀ ਨੈੱਟਵਰਕ ਸ਼ਾਮਲ ਹੋਣ ’ਤੇ ਰੋਕ ਲਗਾਉਣ ਦੀ ਯੋਜਨਾ ਦਾ ਮੰਗਲਵਾਰ ਨੂੰ ਸਵਾਗਤ ਕੀਤਾ। ਟਰੰਪ ਦਾ ਕਹਿਣਾ ਹੈ ਕਿ ਦੁਨੀਆ ਦੇ ਦੇਸ਼ਾਂ ਨੂੰ ਇਸ ਮੁੱਦੇ ’ਤੇ ਅਮਰੀਕਾ ਅਤਕੇ ਚੀਨ ’ਚੋਂ ਕਿਸੇ ਇਕ ਨੂੰ ਚੁਣਨਾ ਹੋਵੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਇਸ ਫੈਸਲੇ ਨਾਲ ਬ੍ਰਿਟੇਨ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਦੀ ਖਾਤਰ ਉੱਚੇ ਜੋਖਮ ਅਤੇ ਵਿਸ਼ਵਾਸ ਦੀ ਕਮੀ ਵਾਲੀਆਂ ਇਕਾਈਆਂ ’ਤੇ ਰੋਕ ਲਗਾਈ ਹੈ।

ਅਮਰੀਕਾ ਨੇ ਕਿਹਾ ਕਿ ਉਹ ਇਕ ਸੁਰੱਖਿਅਤ ਅਤੇ ਗਤੀਸ਼ੀਲ 5ਜੀ ਨੈੱਟਵਰਕ ਲਈ ਬ੍ਰਿਟੇਨ ਨਾਲ ਮਿਲ ਕੇ ਕੰਮ ਕਰਦਾ ਰਹੇਗਾ। ਇਹ ਸਮੁੱਚੇ ਅਟਲਾਂਟਿਕ ਖੇਤਰ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਅਹਿਮ ਹੈ। ਵ੍ਹਾਈਟ ਹਾਊਸ ’ਚ ਰੋਜ ਗਾਰਡਨ ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕਈ ਦੇਸ਼ਾਂ ਨੂੰ ਇਸ ਬਾਰੇ ਵਿਸ਼ਵਾਸ ’ਚ ਲਿਆ ਹੈ ਕਿ ਉਹ ਹੁਵਾਵੇਈ ਦਾ ਇਸਤੇਮਾਲ ਨਾ ਕਰਨ।


author

Rakesh

Content Editor

Related News