ਕੀਪੈਡ ਵਾਲੇ 5G ਫੋਨ ਨਾਲ ਬਾਜ਼ਾਰ ’ਚ ਵਾਪਸੀ ਕਰੇਗੀ Blackberry
Thursday, Aug 20, 2020 - 01:47 PM (IST)
ਗੈਜੇਟ ਡੈਸਕ– ਦਿੱਗਜ ਫੋਨ ਨਿਰਮਾਤਾ Blackberry ਕੰਪਨੀ ਇਕ ਵਾਰ ਫਿਰ ਸਮਾਰਟਫੋਨ ਬਾਜ਼ਾਰ ’ਚ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਸਾਲ 2016 ’ਚ ਬਾਜ਼ਾਰ ’ਚ ਵਾਪਸੀ ਕੀਤੀ ਸੀ ਪਰ ਜ਼ਿਆਦਾ ਸਫ਼ਲ ਨਹੀਂ ਹੋ ਸਕੀ। ਸਾਲ 2016 ’ਚ TCL ਨੇ ਬਲੈਕਬੇਰੀ ਫੋਨ ਬਣਾਉਣ ਦਾ ਲਾਈਸੰਸ ਲਿਆ ਸੀ। ਕੁਝ ਖ਼ਾਸ ਕਾਮਯਾਬੀ ਨਾ ਮਿਲਣ ਦੇ ਚਲਦੇ ਟੀ.ਸੀ.ਐੱਲ. ਨੇ ਬਲੈਕਬੇਰੀ ਨਾਲ ਕਰਾਰ ਖ਼ਤਮ ਕਰ ਦਿੱਤਾ। ਹੁਣ ਕੰਪਨੀ ਇਕ ਵਾਰ ਫਿਰ ਆਪਣੇ ਫਲੈਗਸ਼ਿਪ ਕੀ-ਬੋਰਡ ਫੋਨ ਨਾਲ ਵਾਪਸੀ ਕਰਨ ਜਾ ਰਹੀ ਹੈ।
PCMag ਦੀ ਇਕ ਰਿਪੋਰਟ ਮੁਤਾਬਕ, OnwardMobility ਨਾਮ ਦੀ ਇਕ ਕੰਪਨੀ ਨੇ ਬਲੈਕਬੇਰੀ ਫੋਨ ਬਣਾਉਣ ਦਾ ਲਾਈਸੰਸ ਲਿਆ ਸੀ। ਕੰਪਨੀ ਬਲੈਕਬੇਰੀ ਦੀ ਬ੍ਰਾਂਡਿੰਗ ਦਾ ਇਸਤੇਮਾਲ ਕਰਕੇ ਯੂ.ਐੱਸ. ਅਤੇ ਯੂਰਪ ਦੇ ਬਾਜ਼ਾਰਾਂ ਲਈ ਸਮਾਰਟਫੋਨ ਬਣਾਏਗੀ। ਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਾਲ 2021 ਤਕ ਕੰਪਨੀ ਪਹਿਲਾ ਫੋਨ ਬਾਜ਼ਾਰ ’ਚ ਲਾਂਚ ਕਰ ਦੇਵੇਗੀ।
5ਜੀ ਸੁਪੋਰਟ ਨਾਲ ਲੈਸ ਹੋਵੇਗਾ ਫੋਨ
ਬਲੈਕਬੇਰੀ ਦਾ ਨਵਾਂ ਫੋਨ 5ਜੀ ਕੁਨੈਕਟੀਵਿਟੀ ਸੁਪੋਰਟ ਨਾਲ ਆਏਗਾ। ਯੂ.ਐੱਸ. ’ਚ ਇਹ ਫੋਨ mmWave ਅਤੇ Sub-6 5G ਨੈੱਟਵਰਕ ਨਾਲ ਆਏਗਾ। ਕੰਪਨੀ ਨੇ ਕਿਹਾ ਕਿ ਨਵੇਂ ਬਲੈਕਬੇਰੀ ਸਮਾਰਟਫੋਨਜ਼ ਰਾਹੀਂ ਯੂਜ਼ਰਸ ਨੂੰ ਸਕਿਓਰ ਸਮਾਰਟਫੋਨ ਅਨੁਭਵ ਦੇਣਾ ਚਾਹੁੰਦੀ ਹੈ।