ਸਾਵਧਾਨ! 23 ਸਕਿੰਟਾਂ ’ਚ ਚੋਰੀ ਹੋ ਸਕਦੀ ਹੈ ਤੁਹਾਡੀ ਮਹਿੰਗੀ ਕਾਰ

Monday, Mar 10, 2025 - 10:26 AM (IST)

ਸਾਵਧਾਨ! 23 ਸਕਿੰਟਾਂ ’ਚ ਚੋਰੀ ਹੋ ਸਕਦੀ ਹੈ ਤੁਹਾਡੀ ਮਹਿੰਗੀ ਕਾਰ

ਗੈਜਟ ਡੈਸਕ- ਰੇਂਜ ਰੋਵਰ ਅਤੇ ਇਸ ਤਰ੍ਹਾਂ ਦੀਆਂ ਲਗਜ਼ਰੀ ਕਾਰਾਂ ਨੂੰ ਵਾਹਨ ਚੋਰ ਆਈਪੈਡ ਦੇ ਆਕਾਰ ਦੇ ‘ਇਲੈਕਟ੍ਰਾਨਿਕ ਕੀ ਫੋਬ’ ਦੀ ਵਰਤੋਂ ਕਰ ਕੇ ਸਿਰਫ਼ 23 ਸਕਿੰਟਾਂ ’ਚ ਚੋਰੀ ਕਰ ਸਕਦੇ ਹਨ। ਬ੍ਰਿਟੇਨ ’ਚ ਅਜਿਹੀਆਂ ਚੋਰੀਆਂ ’ਚ ਕਾਫ਼ੀ ਵਾਧਾ ਹੋਇਆ ਹੈ। ਸਾਲ 2023-24 ’ਚ 1,30,000 ਤੋਂ ਵੱਧ ਅਜਿਹੇ ਮਹਿੰਗੇ ਵਾਹਨ ਚੋਰੀ ਹੋਏ ਸਨ। ਦੋ ਚੋਰ ਮਿਲ ਕੇ ਗੈਜੇਟਸ ਦੀ ਮਦਦ ਨਾਲ ਅਜਿਹੀ ਚੋਰੀ ਕਰਦੇ ਹਨ। ਇਨ੍ਹਾਂ ਚੋਰਾਂ ’ਚੋਂ ਇਕ ਕੋਲ ਇਕ ਰੀਲੇਅ ਬਾਕਸ ਹੁੰਦਾ ਹੈ, ਜੋ ਤੁਹਾਡੇ ਘਰ ਅੰਦਰ ਰੱਖੀ ਕਾਰ ਦੀ ਇਲੈਕਟ੍ਰਾਨਿਕ ਚਾਬੀ ਤੋਂ ਆਉਣ ਵਾਲੇ ਸਿਗਨਲਾਂ ਨੂੰ ਵਧਾਉਂਦਾ ਹੈ। ਇਹ ਸਿਗਨਲ ਇਕ ਹੋਰ ਚੋਰ ਤੱਕ ਪਹੁੰਚਦੇ ਹਨ, ਜੋ ਕਾਰ ਕੋਲ ਇਕ ਹੋਰ ਅਜਿਹੇ ਯੰਤਰ ਨਾਲ ਖੜ੍ਹਾ ਹੁੰਦਾ ਹੈ। ਸਿਗਨਲ ਮਿਲਦੇ ਹੀ ਕਾਰ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਅਤੇ ਚੋਰ ਕਾਰ ਸਟਾਰਟ ਕਰ ਕੇ ਨਿਕਲ ਜਾਂਦਾ ਹੈ।

ਪਹਿਲਾ ਚੋਰ ਘਰ ਦੇ ਦਰਵਾਜ਼ੇ ਨੇੜੇ ਆ ਕੇ ਰੀਲੇਅ ਬਾਕਸ ਨੂੰ ਸੈੱਟ ਕਰਦਾ ਹੈ। ਦੂਜਾ ਚੋਰ ਕਾਰ ਦੇ ਦਰਵਾਜ਼ੇ ਨੇੜੇ ਇਕ ਹੋਰ ਡਿਵਾਈਸ ਨਾਲ ਚਾਬੀ ਦੇ ਸਿਗਨਲ ਨੂੰ ਸਕੈਨ ਕਰਦਾ ਹੈ। ਸਿਗਨਲ ਮਿਲਦੇ ਹੀ ਕਾਰ ਦਾ ਇਲੈਕਟ੍ਰਾਨਿਕ ਸਿਸਟਮ ਸਮਝਦਾ ਹੈ ਕਿ ਚਾਬੀ ਆ ਗਈ ਹੈ ਅਤੇ ਕਾਰ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਜਿਵੇਂ ਹੀ ਕਾਰ ਦਾ ਦਰਵਾਜ਼ਾ ਖੁੱਲ੍ਹਦਾ ਹੈ, ਦੂਜਾ ਚੋਰ ਅੰਦਰ ਬੈਠ ਕੇ ਕਾਰ ਸਟਾਰਟ ਕਰ ਕੇ ਇਸ ਨੂੰ ਲੈ ਜਾਂਦਾ ਹੈ।

ਇੰਝ ਕਰਦੇ ਹਨ ਚੋਰੀ

ਲੰਡਨ ਦੀ ਮੈਟਰੋਪੋਲੀਟਨ ਪੁਲਸ ਨੂੰ ਨਕਾਬਪੋਸ਼ ਚੋਰਾਂ ਵੱਲੋਂ ਫੋਰਡ, ਰੇਂਜਰ ਚੋਰੀ ਕਰਨ ਦੀ ਸੀ.ਸੀ.ਟੀ.ਵੀ. ਫੁਟੇਜ ਮਿਲੀ ਹੈ। ਇਕ ਚੋਰ ਬਾਹਰ ਖੜੀ ਕਾਰ ਵੱਲ ਭੱਜਦਾ ਹੈ, ਜਦ ਕਿ ਦੂਜਾ ਘਰ ਦੇ ਸਾਹਮਣੇ ਵੱਲ ਜਾਂਦਾ ਹੈ। ਉਸ ਕੋਲ ਇਕ ਸਿਗਨਲ ਸਕੈਨਿੰਗ ਯੰਤਰ ਹੈ। ਇਹ ਮਾਸਟਰ ਡਿਵਾਈਸ ਸਿਗਨਲ ਦੀ ਨਕਲ ਕਰਦਾ ਹੈ ਅਤੇ ਦੂਜਾ ਚੋਰ ਗੱਡੀ ਦੇ ਦਰਵਾਜ਼ੇ ਖੋਲ੍ਹਦਾ ਹੈ ਅਤੇ ਇਸ ਨੂੰ ਸਟਾਰਟ ਕਰ ਕੇ ਲੈ ਜਾਂਦਾ ਹੈ। ਇਸੇ ਤਰ੍ਹਾਂ ਹੀ ਇਕ ਬੈਂਟਲੇ ਬੈਂਟੇਗਾ ਚੋਰੀ ਕੀਤੀ ਗਈ।

ਹਰੇਕ 14 ਮਿੰਟਾਂ ’ਚ ਐੱਨ. ਸੀ. ਆਰ. ’ਚ ਹੁੰਦੈ ਇਕ ਵਾਹਨ ਚੋਰੀ

ਐੱਨ. ਸੀ. ਆਰ. ਖੇਤਰ ’ਚ ਹਰੇਕ 14 ਮਿੰਟਾਂ ’ਚ ਇਕ ਵਾਹਨ ਚੋਰੀ ਹੁੰਦਾ ਹੈ। ਇਕੱਲੇ ਦਿੱਲੀ ਖੇਤਰ ’ਚ 2023 ਦੀ ਇਸੇ ਮਿਆਦ ਦੇ ਮੁਕਾਬਲੇ ਪਿਛਲੇ ਸਾਲ 15 ਅਗਸਤ ਤੱਕ ਵਾਹਨ ਚੋਰੀ ਦੇ ਮਾਮਲਿਆਂ ’ਚ 23.9 ਫੀਸਦੀ ਦਾ ਵਾਧਾ ਹੋਇਆ ਹੈ। ਦਿੱਲੀ ਪੁਲਸ ਦੇ ਅੰਕੜਿਆਂ ਅਨੁਸਾਰ ਸਾਲ 2024 ’ਚ 15 ਅਗਸਤ ਤੱਕ ਦਿੱਲੀ ਖੇਤਰ ’ਚ ਵਾਹਨ ਚੋਰੀ ਦੇ 5438 ਮਾਮਲੇ ਦਰਜ ਕੀਤੇ ਗਏ ਸਨ। ਸਾਲ 2023 ’ਚ ਜਨਵਰੀ ਤੋਂ 15 ਅਗਸਤ ਤੱਕ ਇਸੇ ਸਮੇਂ ਦੌਰਾਨ 4389 ਮਾਮਲੇ ਦਰਜ ਕੀਤੇ ਗਏ ਸਨ।

ਇੰਝ ਬਚਾਓ ਆਪਣੀ ਗੱਡੀ

‘ਇਲੈਕਟ੍ਰਾਨਿਕ ਕੀ ਫੋਬ’ ਨੂੰ ਵਾਹਨ ਤੋਂ ਜਿੰਨਾ ਹੋ ਸਕੇ ਦੂਰ ਰੱਖੋ। ਜੇ ਸੰਭਵ ਹੋਵੇ ਤਾਂ ਇਸ ਨੂੰ ‘ਫੈਰਾਡੇ ਪਾਊਚ’ ’ਚ ਰੱਖੋ। ਤੁਸੀਂ ਇਸ ਨੂੰ ਧਾਤ ਦੇ ਡੱਬੇ ’ਚ ਵੀ ਰੱਖ ਸਕਦੇ ਹੋ। ‘ਸਪੇਅਰ ਕੀ’ ਨੂੰ ਵੀ ਇਸ ਤਰ੍ਹਾਂ ਸੁਰੱਖਿਅਤ ਰੱਖੋ। ਇਕ ਸਧਾਰਨ ਪਹੀਏ ਦਾ ਤਾਲਾ ਅਤੇ ਪਹੀਏ ਦਾ ਕਲੈਂਪ ਦੇਖਣ ਨੂੰ ਬਹੁਤ ਹੀ ਭੈੜਾ ਲੱਗਦਾ ਹੈ ਪਰ ਕਿਸੇ ਵੀ ਚੋਰ ਲਈ ਇਸ ਨੂੰ ਹਟਾਉਣਾ ਸਭ ਤੋਂ ਮੁਸ਼ਕਲ ਹੁੰਦਾ ਹੈ। ਹੁਣ ਫਿੰਗਰਪ੍ਰਿੰਟ ਐਕਟੀਵੇਟਿਡ ਲਾਕ ਵੀ ਆ ਰਹੇ ਹਨ, ਤੁਸੀਂ ਉਨ੍ਹਾਂ ਦੀ ਵਰਤੋਂ ਆਪਣੀ ਕਾਰ ਨੂੰ ਚੋਰਾਂ ਤੋਂ ਸੁਰੱਖਿਅਤ ਰੱਖਣ ਲਈ ਕਰ ਸਕਦੇ ਹੋ। ਆਪਣੇ ਵਾਹਨ ’ਚ ਇਕ ਟਰੈਕਰ ਸਿਸਟਮ ਲਗਾਓ, ਇਹ ਸੁਰੱਖਿਆ ਦੀ ਇਕ ਵਾਧੂ ਪਰਤ ਪ੍ਰਦਾਨ ਕਰੇਗਾ। ਇਸ ਨਾਲ ਪੁਲਸ ਨੂੰ ਤੁਹਾਡੇ ਵਾਹਨ ਤੱਕ ਪਹੁੰਚਣ ’ਚ ਮਦਦ ਮਿਲੇਗੀ।


author

cherry

Content Editor

Related News