ਐਪਲ iOS 12.1.2 ਅਪਡੇਟ ਤੋਂ ਬਾਅਦ ਆਈਫੋਨ ਯੂਜ਼ਰਜ਼ ਪਰੇਸ਼ਾਨ
Monday, Dec 31, 2018 - 02:24 PM (IST)

ਗੈਜੇਟ ਡੈਸਕ– ਐਪਲ ਦੀ ਨਵੀਂ ਆਈ.ਓ.ਐੱਸ. ਅਪਡੇਟ ਤੋਂ ਬਾਅਦ ਪੂਰੀ ਦੁਨੀਆ ਦੇ ਯੂਜ਼ਰਜ਼ ਪਰੇਸ਼ਾਨ ਹਨ। ਐਪਲ ਨੇ ਹਾਲ ਹੀ ’ਚ ਆਈ.ਓ.ਐੱਸ. 12.1.2 ਦੀ ਅਪਡੇਟ ਜਾਰੀ ਕੀਤੀ ਸੀ, ਉਸ ਤੋਂ ਬਾਅਦ ਹੀ ਸਾਰੇ ਆਈਫੋਨ ਯੂਜ਼ਰਜ਼ ਨੂੰ ਕਨੈਕਟੀਵਿਟੀ ਦੀ ਸਮੱਸਿਆ ਆ ਰਹੀ ਹੈ। ਕਈ ਲੋਕਾਂ ਨੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ। ਹਾਲਾਂਕਿ ਆਈਫੋਨ ਐਕਸ ਐੱਸ, ਆਈਫੋਨ ਐਕਸ ਐੱਸ ਮੈਕਸ ਅਤੇ ਆਈਫੋਨ ਐਕਸ ਆਰ ’ਚ ਹੀ ਕਨੈਕਟੀਵਿਟੀ ਦੀ ਸਮੱਸਿਆ ਆ ਰਹੀ ਹੈ। ਯੂਜ਼ਰਜ਼ ਦਾ ਕਹਿਣਾ ਹੈ ਕਿ ਅਚਾਨਕ ਹੀ ਕਦੇ ਵੀ ਇੰਟਰਨੈੱਟ ਕਨੈਕਸ਼ਨ ਬੰਦ ਹੋ ਰਿਹਾ ਹੈ, ਇਥੋਂ ਤਕ ਕਿ ਵਾਈ-ਫਾਈ ਨਾਲ ਕਨੈਕਟ ਹੋਣ ’ਤੇ ਵੀ ਕਈ ਵਾਰ ਫੋਨ ਆਪਣੇ ਆਪ ਡਿਸਕਨੈਕਟ ਹੋ ਰਿਹਾ ਹੈ।
ਫੋਰਬਸ ਦੀ ਰਿਪੋਰਟ ਮੁਤਾਬਕ ਪੁਰਾਣੇ ਆਈਫੋਨ ’ਚ ਵੀ ਇਹ ਸਮੱਸਿਆ ਆ ਰਹੀ ਹੈ। ਆਈਫੋਨ 8 ਪਲੱਸ ਅਤੇ ਆਈਫੋਨ ਐੱਸ ਈ ਦੇ ਗਾਹਕਾਂ ਨੇ ਵੀ ਇਸ ਦੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਕੰਪਨੀ ਨੇ ਅਜੇ ਤਕ ਇਸ ਮਾਮਲੇ ’ਤੇ ਕੋਈ ਬਿਆਨ ਨਹੀਂ ਦਿੱਤਾ। ਅਜਿਹੇ ’ਚ ਤੁਹਾਡੇ ਲਈ ਬਿਹਤਰ ਹੈ ਕਿ ਜੇਕਰ ਤੁਸੀਂ ਅਜੇ ਤਕ ਆਈ.ਓ.ਐੱਸ. 12.1.2 ਨੂੰ ਅਪਡੇਟ ਨਹੀਂ ਕੀਤਾ ਤਾਂ ਬਗ ਫਿਕਸ ਹੋਣ ਤਕ ਨਾ ਹੀ ਕਰੋ।