1700 Skype ID ਅਤੇ 59000 WhatsApp ਅਕਾਊਂਟ ਬੰਦ

Wednesday, Dec 04, 2024 - 06:02 AM (IST)

ਗੈਜੇਟ ਡੈਸਕ - ਗ੍ਰਹਿ ਮੰਤਰਾਲੇ ਨੇ ਡਿਜੀਟਲ ਧੋਖਾਧੜੀ ਵਿੱਚ ਸ਼ਾਮਲ 1700 ਤੋਂ ਵੱਧ Skype ID ਅਤੇ 59000 WhatsApp ਅਕਾਊਂਟ ਬਲਾਕ ਕਰ ਦਿੱਤੇ ਹਨ। ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੇ ਅਧਿਕਾਰੀਆਂ ਮੁਤਾਬਕ 15 ਨਵੰਬਰ 2024 ਤੱਕ ਸਰਕਾਰ ਵੱਲੋਂ 6.69 ਲੱਖ ਤੋਂ ਵੱਧ ਸਿਮ ਕਾਰਡ ਅਤੇ 1.32 ਲੱਖ ਆਈ.ਐਮ.ਈ.ਆਈਜ਼ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਦੇ ਅਧੀਨ ਇਕ ਯੂਨਿਟ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਨੂੰ ਲਗਾਤਾਰ ਡਿਜ਼ੀਟਲ ਗ੍ਰਿਫਤਾਰੀਆਂ ਅਤੇ ਡਿਜੀਟਲ ਫਰਾਡ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਤੋਂ ਬਾਅਦ ਅਜਿਹੇ Skype ID ਅਤੇ ਵਟਸਐਪ ਖਾਤਿਆਂ ਦੀ ਪਛਾਣ ਕੀਤੀ ਗਈ ਜੋ ਇਸ ਤਰ੍ਹਾਂ ਦੀ ਧੋਖਾਧੜੀ ਵਿੱਚ ਸ਼ਾਮਲ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਗਿਆ।

ਲੋਕਾਂ ਨੂੰ ਹੋਣਾ ਚਾਹੀਦਾ ਹੈ ਸੁਚੇਤ
ਮੰਗਲਵਾਰ ਨੂੰ ਲੋਕ ਸਭਾ ਵਿੱਚ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਗ੍ਰਹਿ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਨੇ ਕਿਹਾ ਕਿ 2021 ਵਿੱਚ, I4C ਨੇ ਨਾਗਰਿਕ ਵਿੱਤੀ ਸਾਈਬਰ ਫਰਾਡ ਰਿਪੋਰਟਿੰਗ ਅਤੇ ਪ੍ਰਬੰਧਨ ਸਿਸਟਮ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਪ੍ਰੋਗਰਾਮ ਤਹਿਤ ਇਹ ਯਕੀਨੀ ਬਣਾਇਆ ਗਿਆ ਹੈ ਕਿ ਆਨਲਾਈਨ ਧੋਖਾਧੜੀ ਕਰਨ ਵਾਲੇ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।

9.94 ਲੱਖ ਮਿਲੀਆਂ ਸ਼ਿਕਾਇਤਾਂ
ਦੇਸ਼ ਵਿੱਚ ਡਿਜ਼ੀਟਲ ਗ੍ਰਿਫਤਾਰੀ ਦੇ ਲਗਾਤਾਰ ਵੱਧਦੇ ਮਾਮਲਿਆਂ ਬਾਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ 9.94 ਲੱਖ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ 'ਤੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਲੋਕਾਂ ਦੇ 3431 ਕਰੋੜ ਰੁਪਏ ਤੋਂ ਵੱਧ ਬਚਾਏ ਗਏ ਹਨ।

ਠੱਗਾਂ ਦੀ ਪਛਾਣ ਕਰਨ ਲਈ ਬਣਾਇਆ ਗਿਆ ਸਾਫਟਵੇਅਰ
ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਦੱਸਿਆ ਕਿ ਡਿਜੀਟਲ ਧੋਖਾਧੜੀ ਅਤੇ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਇੱਕ ਮਜ਼ਬੂਤ ​​ਤੰਤਰ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਦੂਰਸੰਚਾਰ ਸੇਵਾ ਪ੍ਰਦਾਤਾ (ਟੀ.ਐੱਸ.ਪੀ.) ਨੇ ਇਨਕਮਿੰਗ ਅੰਤਰਰਾਸ਼ਟਰੀ ਫਰਜ਼ੀ ਕਾਲਾਂ ਦੀ ਪਛਾਣ ਕਰਨ ਲਈ ਇਕ ਸਾਫਟਵੇਅਰ ਬਣਾਇਆ ਹੈ। ਇਸ ਨਵੀਂ ਤਕਨੀਕ ਨਾਲ ਅਜਿਹੇ ਨੰਬਰਾਂ ਨੂੰ ਬਲਾਕ ਕੀਤਾ ਜਾ ਸਕਦਾ ਹੈ ਅਤੇ ਭਾਰਤੀ ਮੋਬਾਈਲ ਨੰਬਰ ਦਿਖਾਉਣ ਵਾਲੀਆਂ ਅੰਤਰਰਾਸ਼ਟਰੀ ਕਾਲਾਂ ਨੂੰ ਰੋਕਿਆ ਜਾ ਸਕਦਾ ਹੈ।


Inder Prajapati

Content Editor

Related News