ਫਿਰੋਜ਼ਪੁਰ ਵਿਚ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਕਹਿਰ ਜਾਰੀ, ਫਿਰ ਕੀਤੀ ਵਾਰਦਾਤ
Saturday, Sep 16, 2023 - 05:30 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਆਤੰਕ ਲਗਾਤਾਰ ਜਾਰੀ ਹੈ ਅਤੇ ਹਰ ਰੋਜ਼ ਇਹ ਲੁਟੇਰੇ ਰਾਹਗੀਰਾਂ ਦੇ ਕੁੜਤਿਆਂ ਦੀਆਂ ਜੇਬਾਂ ਖਿੱਚ ਕੇ ਲੈ ਜਾਂਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖ ਕੇ ਫਿਰੋਜ਼ਪੁਰ ਦੇ ਲੋਕ ਬੇਹੱਦ ਪਰੇਸ਼ਾਨ ਹਨ ਅਤੇ ਡਰ ਦਾ ਮਾਹੌਲ ਹੈ। ਅਜਿਹੀ ਹੀ ਇਕ ਘਟਨਾ ਫਿਰੋਜ਼ਪੁਰ ਸ਼ਹਿਰ ਦੇ ਕੈਂਡਲ ਵੁੱਡ ਪੈਲੇਸ ਨੇੜੇ ਵਾਪਰੀ, ਜਿੱਥੇ ਦੋ ਮੋਟਰਸਾਈਕਲ ਸਵਾਰ ਲੁਟੇਰੇ, ਫਿਰੋਜ਼ਪੁਰ ਸ਼ਹਿਰ ਦੇ ਨਿਊ ਆਜ਼ਾਦ ਨਗਰ ਦੇ ਵਸਨੀਕ ਗੁਰਨਾਮ ਚੰਦ ਦੇ ਕੁੜਤੇ ਦੀ ਜੇਬ ਖਿੱਚ ਕੇ ਲੈ ਗਏ, ਜਿਸ ਵਿਚ ਪਰਸ ਸੀ।
ਇਸ ਘਟਨਾ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਪੀੜਤ ਗੁਰਨਾਮ ਚੰਦ ਦੇ ਬਿਆਨਾਂ ’ਤੇ ਦੋ ਅਣਪਛਾਤੇ ਮੋਟਰਸਾਈਕਲ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਹਰਨੇਕ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਬੀਤੀ ਸ਼ਾਮ 6:40 ਵਜੇ ਉਹ ਆਪਣੇ ਮੋਟਰਸਾਈਕਲ ’ਤੇ ਸਤਿਸੰਗ ਘਰ ਜਾ ਰਿਹਾ ਸੀ ਅਤੇ ਜਦੋਂ ਉਹ ਕੈਂਡਲਵੁੱਡ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਲੁਟੇਰੇ ਆਏ, ਜਿਨ੍ਹਾਂ ਨੇ ਝਪਟ ਮਾਰ ਕੇ ਉਸਦੇ ਕੁੜਤੇ ਦੀ ਜੇਬ ਖਿੱਚ ਲਈ, ਜਿਸ ਵਿਚ ਉਸ ਦਾ ਪਰਸ ਸੀ ਅਤੇ ਪਰਸ ਵਿਚ 5000 ਰੁਪਏ, ਆਧਾਰ ਕਾਰਡ, ਡਰਾਈਵਿੰਗ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਸ਼ਿਕਾਇਤਕਰਤਾ ਨੇ ਐੱਸ. ਐੱਸ. ਪੀ. ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਸ ਦਾ ਪਰਸ, ਸਮਾਨ ਅਤੇ ਨਗਦੀ ਬਰਾਮਦ ਕੀਤੀ ਜਾਵੇ।