ਵਿਦੇਸ਼ੀ ਨੰਬਰ ਤੋਂ ਫੋਨ ਕਰ ਮੈਡੀਕਲ ਸਟੋਰ ਮਾਲਕ ਤੋਂ ਮੰਗੀ 25 ਲੱਖ ਦੀ ਫਿਰੌਤੀ, ਨਾ ਦੇਣ ''ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

12/06/2022 5:33:52 PM

ਜ਼ੀਰਾ (ਰਾਜੇਸ਼ ਢੰਡ) : ਪੰਜਾਬ ਅੰਦਰ ਚੋਰੀ, ਲੁੱਟ-ਖੋਹ ਅਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਨੂੰ ਵਿਰਾਮ੍ਹ ਨਹੀਂ ਲੱਗ ਰਿਹਾ ਹੈ ਅਤੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਅਜਿਹੇ ਗੈਂਗਸਟਰ ਕਿਸਮ ਦੇ ਲੋਕ ਆਏ ਦਿਨ ਕਿਸੇ ਨਾ ਕਿਸੇ ਨੂੰ ਮੋਬਾਇਲ ਫੋਨ ਜਾਂ ਧਮਕੀਆਂ ਭਰੇ ਪੱਤਰ ਭੇਜ ਕੇ ਆਪਣਾ ਨਿਸ਼ਾਨਾ ਬਣਾ ਰਹੇ ਹਨ। ਅਜਿਹੀ ਹੀ ਘਟਨਾ ਜ਼ੀਰਾ ’ਚ ਉਸ ਸਮੇਂ ਵਾਪਰੀ ਜਦੋਂ ਇੱਕ ਮੈਡੀਕਲ ਸਟੋਰ ਮਾਲਕ ਨੂੰ ਕਿਸੇ ਵਿਅਕਤੀ ਦਾ ਵਟਸਐਪ ਕਾਲ ਰਾਹੀਂ ਫੋਨ ਆਇਆ ਅਤੇ ਉਸ ਨੇ 25 ਲੱਖ ਰੁਪਏ ਮੰਗਣ ਦੇ ਨਾਲ-ਨਾਲ ਨਾ ਦਿੱਤੇ ਜਾਣ ਦੀ ਸੂਰਤ ਵਿਚ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ।

ਇਹ ਵੀ ਪੜ੍ਹੋ- ਬਠਿੰਡਾ ਦੇ ਹਸਪਤਾਲ 'ਚੋਂ ਚੋਰੀ ਹੋਏ ਬੱਚੇ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

ਇਸ ਸਬੰਧੀ ਗਰੋਵਰ ਮੈਡੀਕਲ ਸਟੋਰ ਜ਼ੀਰਾ ਦੇ ਮਾਲਕ ਵਰਿੰਦਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ਼ ਕਲੋਨੀ ਜ਼ੀਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਲਵ ਗਰੋਵਰ ਦੋਨੋਂ ਬੀਤੇ ਦਿਨੀਂ ਰੇਲਵੇ ਰੋਡ ਜ਼ੀਰਾ ਵਿਖੇ ਸਥਿਤ ਆਪਣੀ ਦਵਾਈਆਂ ਵਾਲੀ ਦੁਕਾਨ (ਮੈਡੀਕਲ ਸਟੋਰ) ’ਤੇ ਬੈਠੇ ਸਨ। ਇਸ ਦੌਰਾਨ ਉਸ ਦੇ ਮੋਬਾਇਲ ਫੋਨ ’ਤੇ ਵਟਸਐਪ ਨੰਬਰ +(301)659-0119 ਤੋਂ ਵਾਇਸ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਆਪਣਾ ਨਾਮ ਅਰਸ਼ ਡੱਲਾ ਦੱਸਦਿਆ ਕਿਹਾ ਤੁਸੀਂ ਮੈਨੂੰ 25 ਲੱਖ ਰੁਪਏ ਦਿਓ ਅਤੇ ਜੇਕਰ ਤੁਸੀਂ ਇਹ ਫਿਰੌਤੀ ਦੀ ਰਕਮ ਜਲਦ ਨਾ ਦਿੱਤੀ ਤਾਂ ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਜਾਨੋਂ ਮਾਰ ਦਿਆਂਗਾ। ਜਿਸ ’ਤੇ ਉਨ੍ਹਾਂ ਵੱਲੋਂ ਥਾਣਾ ਸਿਟੀ ਜ਼ੀਰਾ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਦੋਸ਼ੀ ਵਿਰੁੱਧ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News