ਘੜੁੱਕਾ ਹੋਇਆ ਹਾਦਸਾਗ੍ਰਸਤ, 1 ਔਰਤ ਦੀ ਮੌਤ, ਅੱਧੀ ਦਰਜਨ ਲੋਕ ਗੰਭੀਰ ਜ਼ਖ਼ਮੀ
Sunday, Sep 18, 2022 - 01:45 PM (IST)

ਗੁਰੂਹਰਸਹਾਏ (ਮਨਜੀਤ) : ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ.ਰੋਡ ’ਤੇ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 1 ਔਰਤ ਦੀ ਮੌਤ ਅਤੇ ਅੱਧੀ ਦਰਜਨ ਦੇ ਕਰੀਬ ਲੋਕਾਂ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਪਿੰਡ ਕੱਟੀਆਂ ਵਾਲਾ ਤੋਂ ਇੱਕ ਘੜੁੱਕਾ ਕਰੀਬ 20 ਲੋਕਾਂ ਨੂੰ ਲੈ ਕੇ ਮੱਲਾਂਵਾਲਾ ਦੇ ਨਜ਼ਦੀਕ ਭੋਗ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਜਦੋਂ ਇਹ ਘੜੁੱਕਾ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ.ਰੋਡ ਤੇ ਪਿੰਡ ਚੱਕ ਮੇਘਾ ਵੀਰਾਨ ਨਜ਼ਦੀਕ ਗਜ਼ਨੀ ਵਾਲਾ ਮੌੜ ਕੋਲ ਪੁੱਜਾ ਤਾਂ ਦੂਜੇ ਪਾਸੇ ਸੜਕ ਤੋਂ ਆ ਰਹੇ ਮੋਟਰਸਾਈਕਲ ਦਾ ਬਚਾਅ ਕਰਨ ਦੌਰਾਨ ਬੇਕਾਬੂ ਹੋ ਗਿਆ।
ਇਹ ਵੀ ਪੜ੍ਹੋ- ਨਾਭਾ 'ਚ ਵੱਡੀ ਵਾਰਦਾਤ, ਡਿਊਟੀ ਤੋਂ ਪਰਤ ਰਹੇ ਪੰਜਾਬ ਪੁਲਸ ਦੇ ਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਵੱਢ-ਟੁੱਕ
ਇਸ ਘੜੁੱਕੇ ਦੀ ਸਪੀਡ ਜ਼ਿਆਦਾ ਹੋਣ ਕਾਰਨ ਇਹ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਿਆ ਅਤੇ ਘੜੁੱਕੇ ਵਿੱਚ ਸਵਾਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਵਿਅਕਤੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਰਵਾਨਾ ਕੀਤਾ ਗਿਆ। ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿੱਚ ਜ਼ਖ਼ਮੀ ਬਾਕੀ ਅੱਧੀ ਦਰਜਨ ਭਰ ਲੋਕਾਂ ਨੂੰ ਨਜ਼ਦੀਕੀ ਹਸਪਤਾਲਾਂ ’ਚ ਇਲਾਜ ਲਈ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਪੁਲਸ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।