ਭਾਰਤ-ਪਾਕਿ ਸਰਹੱਦ ’ਤੇ ਪਾਕਿ ਰੇਂਜਰਾਂ ਨੂੰ ਮਠਿਆਈ ਤੇ ਫਲ ਭੇਟ

12/12/2018 3:54:24 PM

ਫਿਰੋਜ਼ਪੁਰ (ਲੀਲਾਧਰ, ਨਾਗਪਾਲ)– ਬੀ. ਐੱਸ. ਐੱਫ. ਪੰਜਾਬ ਫਾਰੰਟੀਅਰ ਦੇ ਆਈ. ਜੀ. ਮਹੀਪਾਲ ਯਾਦਵ ਭਾਰਤ-ਪਾਕਿ ਸਰਹੱਦ ’ਤੇ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਪੁੱਜੇ। ਉਨ੍ਹਾਂ ਨਾਲ ਬੀ. ਐੱਸ. ਐੱਫ. ਅਬੋਹਰ ਰੇਂਜ ਦੇ ਡੀ. ਆਈ. ਜੀ. ਟੀ. ਆਰ. ਮੀਨਾ, 181 ਬਟਾਲੀਅਨ ਦੇ ਕਮਾਂਡੈਂਟ ਮਯੰਕ ਦਿਵੇਦੀ, 169 ਬਟਾਲੀਅਨ ਦੇ ਕਮਾਂਡੈਂਟ ਪੀ. ਕੇ. ਪੰਕਜ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਆਈ. ਜੀ. ਨੇ ਬੀ. ਐੱਸ. ਐੱਫ. ਦੇ ਉਨ੍ਹਾਂ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਨੇ 1971 ਦੀ ਜੰਗ ’ਚ ਦੇਸ਼ ਲਈ ਸ਼ਹਾਦਤ ਦਿੱਤੀ। ਉਨ੍ਹਾਂ ਦੋਵਾਂ ਦੇਸ਼ਾਂ ਦੀ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਵੀ ਦੇਖੀ। ਇਸ ਮੌਕੇ ਉਨ੍ਹਾਂ ਬੀ. ਐੱਸ. ਐੱਫ. ਦੇ ਜਵਾਨਾਂ ਨਾਲ ਪਾਕਿ ਰੇਂਜਰਾਂ ਨੂੰ ਮਠਿਆਈ ਅਤੇ ਫਲਾਂ ਦੀ ਟੋਕਰੀ ਭੇਟ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਈ. ਜੀ. ਮਹੀਪਾਲ ਨੇ ਦੱਸਿਆ ਕਿ ਫਾਜ਼ਿਲਕਾ ਦੇ ਸਾਦਕੀ ਬਾਰਡਰ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਰੀਟ੍ਰੀਟ ਸੈਰੇਮਨੀ ’ਚ ਦਰਸ਼ਕਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਉਨ੍ਹਾਂ ਦੀ ਸਹੂਲਤ ਲਈ ਹੋਰ ਇੰਤਜ਼ਾਮ ਕੀਤੇ ਜਾ ਰਹੇ ਹਨ, ਉਥੇ ਹੀ ਦਰਸ਼ਕਾਂ ਦੇ ਮਨੋਰੰਜਨ ਲਈ ਪਾਰਕ ਬਣਾਏ ਅਤੇ ਝੂਲੇ ਵੀ ਲਾਏ ਜਾ ਰਹੇ ਹਨ। ਉਨ੍ਹਾਂ ਸਰਹੱਦੀ ਕਿਸਾਨਾਂ ਦੀਆਂ ਅੌਕਡ਼ਾਂ ਵੀ ਸੁਣੀਆਂ ਤੇ ਉਨ੍ਹਾਂ ਦੇ ਸੁਝਾਅ ਵੀ ਲਏ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਬੀ. ਐੱਸ. ਐੱਫ. ਦਾ ਭਾਈਚਾਰਾ ਤੇ ਆਪਸੀ ਤਾਲਮੇਲ ਪਹਿਲਾਂ ਦੀ ਤਰ੍ਹਾਂ ਕਾਇਮ ਹੈ। ਸਰਹੱਦੀ ਇਲਾਕੇ ਦੇ ਲੋਕ ਵੀ ਹਰੇਕ ਤਰ੍ਹਾਂ ਦੀਆਂ ਗੈਰ-ਸਮਾਜੀ ਅਨਸਰਾਂ ਦੀਆਂ ਸਰਗਰਮੀਆਂ ’ਤੇ ਨਜ਼ਰ ਵੀ ਰੱਖਦੇ ਹਨ ਤੇ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਵੀ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ਦੇਸ਼ ਦੀ ਸੇਵਾ ’ਚ ਮੋਹਰੀ ਹੈ। ਬਾਅਦ ’ਚ ਸ਼੍ਰੀ ਯਾਦਵ 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ ’ਚ ਫਾਜ਼ਿਲਕਾ ਉਪਮੰਡਲ ਦੇ ਸਰਹੱਦੀ ਪਿੰਡ ਆਸਫਵਾਲਾ ਵਿਖੇ ਬਣੀ ਸ਼ਹੀਦਾਂ ਦੀ ਸਮਾਧੀ ’ਤੇ ਵੀ ਗਏ, ਜਿਥੇ ਸਮਾਧੀ ਕਮੇਟੀ ਦੇ ਪ੍ਰਧਾਨ ਸੰਦੀਪ ਗਿਲਹੋਤਰਾ, ਪ੍ਰਫੁੱਲ ਚੰਦਰ ਨਾਗਪਾਲ, ਹੈਪੀ ਠਕਰਾਲ, ਦਿਨੇਸ਼ ਠਕਰਾਲ, ਸ਼ਫੀ ਬੱਬਰ, ਬਾਰਡਰ ਏਰੀਆ ਵਿਕਾਸ ਫਰੰਟ ਦੇ ਲੀਲਾਧਰ ਸ਼ਰਮਾ, ਰਮੇਸ਼ ਵਢੇਰਾ ਨੇ ਉਨ੍ਹਾਂ ਦਾ ਸੁਆਗਤ ਕੀਤਾ। ਆਈ. ਜੀ. ਤੇ ਹੋਰ ਅਧਿਕਾਰੀਆਂ ਨੇ 1971 ਦੀ ਜੰਗ ’ਚ ਸ਼ਹੀਦ ਹੋਏ ਅਧਿਕਾਰੀਆਂ, ਜਵਾਨਾਂ, ਹੋਮ ਗਾਰਡ ਦੇ ਜਵਾਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।


Related News